

ਹਰਿਆਣਾ ਦੀ ਹੱਦ ਨਾਲ ਲਗਦਾ ਪੰਜਾਬ ਦਾ ਟੇਲ ਤੇ ਪੈਂਦਾ ਜ਼ਿਲਾ ਮਾਨਸਾ ਸਹੂਲਤਾਂ ਪੱਖੋਂ ਵੀ ਟੇਲ ਤੇ ਹੀ ਰਹਿ ਗਿਆ ਹੈ। ਜ਼ਿਲੇ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਚ ਡਾਕਟਰਾਂ ਦੀਆਂ ਵੱਡੀ ਮਾਤਰਾ ਚ ਅਸਾਮੀਆਂ ਖਾਲੀ ਪਈਆਂ ਹਨ। ਹੋਰ ਵੀ ਕਰੀਬ ਸਾਰੇ ਹੀ ਮਹਿਕਮਿਆਂ ਚ ਸੇਵਾਦਾਰਾਂ ਤੋਂ ਲੈਕੇ ਅਫਸਰਾਂ ਤੱਕ ਦੀਆਂ ਸੈਕੜੇ ਅਸਾਮੀਆਂ ਖਾਲੀ ਪਈਆਂ ਹਨ। ਇਸ ਵਿਚ ਕੋਈ ਅਥਕਥਨੀ ਨਹੀਂ ਕਿ ਹਰ ਛੋਟਾ -ਵੱਡਾ ਕਰਮਚਾਰੀ ਤੇ ਅਫਸਰ ਮਾਨਸਾ ਚ ਆਉਣ ਤੋਂ ਕੰਨੀ ਕਤਰਾਉਦਾਂ ਹੈ। ਪੰਜਾਬ ਦੇ ਦੂਸਰੇ ਜ਼ਿਲੇਆਂ ਅਤੇ ਗੁਆਂਢੀ ਸੂਬਿਆ ਦੇ ਲੋਕ ਮਾਨਸਾ ਨੂੰ ਬੈਕਵਰਡ ਭਾਵ ਪੱਛੜਿਆ ਹੋਇਆਂ ਜ਼ਿਲਾ ਕਿਹਕੇ ਬਲਾਉਦੇਂ ਹਨ। ਮਾਨਸਾ ਨੂੰ ਬੈਕਵਰਡ ਕਹਿਣ ਵਾਲਿਆਂ ਨੂੰ ਜ਼ਿਲੇ ਦੇ ਹੋਣਹਾਰ ਧੀਆਂ-ਪੁੱਤਰਾਂ ਨੇ ਅਜਿਹੇ ਕਰਾਰੇ ਜਵਾਬ ਦਿੱਤੇ ਹਨ ਕਿ ਹੁਣ ਜ਼ਿਲੇ ਅਤੇ ਇਸ ਦੇ ਵਸਨੀਕਾਂ ਨੂੰ ਪੱਛੜੇ ਕਹਿਣ ਵਾਲੇ ਸੌ ਵਾਰੀ ਸੋਚਣਗੇ। ਸਰਕਾਰੀ ਸਹੂਲਤਾਂ ਪੱਖੋ ਫਾਡੀ ਜ਼ਿਲਾ ਮਾਨਸਾ ਦੇ ਵਸੰਦਿਆ ਨੇ ਸੂਬੇ ਦੀਆਂ ਪਹਿਲੀਆਂ ਕਤਾਰਾਂ ਚ ਆਪਣੇ ਨਾਮ ਦਰਜ਼ ਕਰਵਾਕੇ ਜ਼ਿਲੇ ਤੋਂ ਪੱਛੜੇਪਣ ਦਾ ਦਾਗ ਧੋ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।
ਜਿੱਥੇ ਅੱਜ ਲੜਕੀ ਭਰੂਣ ਹੱਤਿਆ ਚਿੰਤਾ ਦਾ ਵਿਸ਼ਾ ਬਣਿਆ ਹੋਇਆਂ ਹੈ ਉੱਥੇ ਮਾਨਸਾ ਜ਼ਿਲਾ ਵਾਸੀਆਂ ਨੇ ਲੜਕੀ ਭਰੂਣ ਹੱਤਿਆ ਦਾ ਵਿਰੋਧ ਕਰਦਿਆਂ ਦੇਸ਼ ਭਰ ਨੂੰ ਚੰਗਾ ਸਨੇਹਾ ਦਿੱਤਾ ਹੈ। ਮਾਨਸਾ ਜ਼ਿਲੇ ਦਾ ਲਿੰਗ ਅਨੁਪਾਤ 1000/925 ਹੈ । ਲਿੰਗ ਅਨੁਪਾਤ ਚ’ ਮਾਨਸਾ ਦੇਸ਼ ਭਰ ਚੋ’ ਛੇਵੇਂ ਅਤੇ ਸੂਬੇ ਭਰ ਚੋ’ ਪਹਿਲੇ ਸਥਾਨ ਤੇ ਹੈ। ਸੂਬੇ ਅਤੇ ਦੇਸ਼ ਦੇ ਜਾਗਰੂਕ ਤੇ ਅਗਾਂਹਵਧੂ ਕਹਾਉਣ ਵਾਲੇ ਜ਼ਿਲੇਆਂ ਲਈ ਮਾਨਸਾ ਪ੍ਰੇਰਨਾ ਦਾਇਕ ਬਣਿਆ ਹੋਇਆਂ ਹੈ ।
ਵਿਧਾਨ ਸਭਾ ਚੋਣਾਂ 2017 ਚ ਹੋਈ ਵੋਟਿੰਗ ਦੌਰਾਨ ਜਿੱਥੇ ਮਾਨਸਾ ਵਾਸੀਆਂ ਨੇ 78 ਫੀਸਦੀ ਵੋਟਿੰਗ ਕਰਕੇ ਸੂਬੇ ਚੋ ਪਹਿਲਾਂ ਸਥਾਨ ਪ੍ਰਾਪਤ ਕੀਤਾ ਉੱਥੇ ਹੀ ਜ਼ਿਲੇ ਦੇ ਸੂਝਵਾਨ ਵੋਟਰਾਂ ਨੇ ਜ਼ਿਲੇ ਦੇ ਤਿੰਨੇ ਹਲਕਿਆਂ ਚ’ ਪੜ੍ਹੇ -ਲਿਖੇ ਉੱਚ ਯੋਗਤਾ ਪ੍ਰਾਪਤ ਵਿਧਾਇਕ ਚੁਣੇ ਜਿੰਨ੍ਹਾਂ ਚ’ ਹਲਕਾ ਮਾਨਸਾ ਤੋਂ ਪ੍ਰਦੂਸ਼ਣ ਕੰਟਰੋਲ ਬੋਰਡ ਸਾਬਕਾ ਅੈਸ.ਈ. ਨਾਜਰ ਸਿੰਘ ਮਾਨਸਾਹੀਅਾਂ, ਹਲਕਾ ਸਰਦੂਲਗੜ੍ਹ ਤੋਂ ਮਕੈਨੀਕਲ ਇੰਜੀਨੀਅਰ ਦਿਲਰਾਜ ਸਿੰਘ ਭੂੰਦੜ ਅਤੇ ਹਲਕਾ ਬੁੱਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ (ਪੀ.ਸੀ.ਅੈਸ.ਸਿਵਲ) ਨਮਾਇੰਦਗੀ ਕਰ ਰਹੇ ਹਨ। ਇਸ ਤਰ੍ਹਾਂ ਹੀ ਸਤੰਬਰ 2018 ਚ ਹੋਈਆਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੀ ਸੂਬੇ ਭਰ ਵਿਚੋ ਮਾਨਸਾ ਜ਼ਿਲਾ ਵਾਸੀਆਂ ਨੇ ਸਭ ਤੋਂ ਵੱਧ ਵੋਟਿੰਗ ਕਰਕੇ ਜਾਗਰੂਕ ਹੋਣ ਦਾ ਸਬੂਤ ਹੀ ਨਹੀਂ ਦਿੱਤਾ ਸਗੋ ਮਾਨਸਾ ਨੂੰ ਪੱਛੜਾ ਜ਼ਿਲਾ ਕਹਿਣ ਵਾਲਿਆਂ ਦੇ ਕਰਾਰੀ ਚਪੇੜ ਮਾਰੀ ਹੈ ।
ਪੰਜਾਬ ਵਿਧਾਨ ਸਭਾ ਚ’ 117 ਵਿਧਾਇਕਾ ਵਿਚੋਂ ਮਾਨਸਾ ਜ਼ਿਲੇ ਦੇ ਹਲਕਾ ਬੁੱਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿ੍ੰਸੀਪਲ ਬੁੱਧ ਰਾਮ ਸਭ ਤੋਂ ਵੱਧ ਪੜ੍ਹੇ -ਲਿਖੇ ਵਿਧਾਇਕ ਹਨ ਤੇ ਵਿਧਾਨ ਸਭਾ ਵਿਚ ਸਭ ਤੋਂ ਜਿਆਦਾ ਸਵਾਲ ਕਰਨ ਵਾਲੇ ਪਹਿਲੇ ਪੰਜ ਵਿਧਾਇਕਾਂ ਚ ਪਿ੍ੰਸੀਪਲ ਬੁੱਧ ਰਾਮ ਦਾ ਨਾਮ ਸਾਮਲ ਹੈ ।
ਸਾਬਕਾ ਅਕਾਲੀ ਸਰਕਾਰ ਦੋਰਾਨ ਜ਼ਿਲਾ ਪ੍ਰੀਸ਼ਦ ਮਾਨਸਾ ਨੇ ਚੇਅਰਮੈਨ ਦਿਲਰਾਜ ਸਿੰਘ ਭੂੰਦੜ ਅਤੇ ਚੇਅਰਮੈਨ ਸੁਖਦੇਵ ਸਿੰਘ ਚੈਨੇਵਾਲ ਦੀ ਅਗਵਾੲੀ ਚ’ ਲਗਾਤਾਰ ਭਾਰਤ ਪੱਧਰ ਤੇ ਪਹਿਲੇ ਤਿੰਨ ਅਵਾਰਡ ਪ੍ਰਾਪਤ ਕਰਕੇ ਪੂਰੇ ਭਾਰਤ ਚ’ ਮਾਨਸਾ ਦਾ ਨਾਮ ਰੋਸ਼ਨ ਕੀਤ ਜੋ ਜ਼ਿਲੇ ਤੇ ਸੂਬੇ ਲਈ ਮਾਣ ਵਾਲੀ ਗੱਲ ਹੈ ।
ਜ਼ਿਲੇ ਦੇ ਪਿੰਡ ਤਾਮਕੋਟ ਦੀ ਪੰਚਾਇਤ ਨੂੰ ਪਿੰਡ ਚ’ ਕੀਤੇ ਵਿਕਾਸ ਕਾਰਜਾਂ, ਸਮੇਂ -ਸਮੇਂ ਸਿਰ ਕਰਵਾਏ ਸੈਮੀਨਾਰ ਤੇ ਜਾਗਰੂਕ ਕੈੰਪ ਆਦਿ ਲਈ ਤਿੰਨ ਵਾਰ ਭਾਰਤ ਸਰਕਾਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ।
ਜ਼ਿਲੇ ਦੀਆਂ ਸਰਕਾਰੀ ਤੇ ਗੈਰ ਸਰਕਾਰੀ ਸਿੱਖਿਆ ਸੰਸਥਾਵਾਂ ਚ’ ਪੜ੍ਹਦੇ ਜ਼ਿਲੇ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2017-18 ਦੇ ਅੈਲਾਣੇ ਨਤੀਜਿਆਂ ਚ’ ਸੂਬੇ ਦੇ ਸਾਰੇ ਜ਼ਿਲੇਆਂ ਨੂੰ ਪਛਾੜਦਿਆਂ ਸਭ ਤੋਂ ਵੱਧ ਪਾਸ ਪ੍ਰਤੀਸਤ ਪ੍ਰਾਪਤ ਕਰਕੇ ਜ਼ਿਲੇ ਨੂੰ ਬੈਕਵਰਡ ਕਹਿਣ ਵਾਲਿਆ ਦੇ ਮੂੰਹ ਬੰਦ ਕਰ ਦਿੱਤੇ ਸਨ।
ਖੇਡ ਮੈਦਾਨਾਂ ਅਤੇ ਖੇਡ ਸਾਜੋ-ਸਮਾਨ ਤੋਂ ਸਖਣੇ ਜ਼ਿਲੇ ਦੇ ਨੌਜਵਾਨ ਗੱਬਰੂਆਂ ਤੇ ਮਟਿਆਰਾਂ ਨੇ ਖੇਡ ਖੇਤਰ ਚ’ ਅਜਿਹੇ ਝੰਡੇ ਗੱਡੇ ਹਨ ਕਿ ਉੱਚ ਖੇਡ ਸਹੂਲਤਾਂ ਨਾਲ ਲੈਸ ਜ਼ਿਲੇਆਂ ਦੇ ਖਿਡਾਰੀ ਵੀ ਮਾਨਸਾ ਦੇ ਇੰਨ੍ਹਾਂ ਖਿਡਾਰੀਆਂ ਨੂੰ ਆਪਣੇ ਰੋਲ ਮਾਡਲ ਮੰਨ ਰਹੇ ਹਨ। ਅਗਸਤ ਚ’ ਹੋਈਆ ਏਸ਼ੀਆਈ ਖੇਡਾਂ ਦੌਰਾਨ ਜ਼ਿਲੇ ਦੇ ਕਿਸਤੀ ਚਾਲਕ ਉਲੰਪੀਅਨ ਅਰਜਨ ਅਵਾਰਡੀ ਸਵਰਨ ਸਿੰਘ ਵਿਰਕ ਅਤੇ ਸੁਖਮੀਤ ਸਿੰਘ ਸਮਾਘ ਨੇ ਗੋਲਡ ਮੈਡਲ ਅਤੇ ਕਬੱਡੀ ਮੁਕਾਬਲੇ ਚ’ ਮਨਪ੍ਰੀਤ ਕੌਰ ਨੇ ਚਾਂਦੀ ਮੈਡਲ ਜਿੱਤਕੇ ਜ਼ਿਲੇ ਦਾ ਨਾਮ ਦੁਨੀਆ ਭਰ ਚ’ ਰੋਸ਼ਨ ਕੀਤਾ ਹੈ । ਕੋਰੀਆ ਚ’ ਹੋਈ 52ਵੀੰ ਆਈ.ਅੈਸ.ਅੈਸ.ਅੈਫ. ਵਿਸਵ ਨਿਸ਼ਾਨੇਬਾਜੀ ਚੇਪੀਅਨਸਿੱਪ ਚ’ ਮਾਨਸਾ ਦੇ ਉਦੈਵੀਰ ਸਿੱਧੂ, ਵਿਜੈਵੀਰ ਸਿੱਧੂ (ਦੋਵੇਂ ਸਕੇ ਭਰਾ) ਅਤੇ ਰਾਜਕੰਵਰ ਸਿੰਘ ਸੰਧੂ ਨੇ ਸਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਤਿੰਨ ਗੋਲਡ ਮੈਡਲ ਪਾਕੇ ਮਾਨਸਾ ਦੀ ਸ਼ਾਨ ਵਧਾਈ।
ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆ ਹੋਈਆਂ ਚੋਣਾਂ ਦੌਰਾਨ ਸੂਬੇ ਭਰ ਚੋ ਸਭ ਤੋਂ ਵੱਧ ਪੜਿਆ-ਲਿਖਿਆ ਤੇ ਸਭ ਤੋਂ ਘੱਟ ਉਮਰ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਹੋਣ ਦਾ ਮਾਣ ਵੀ ਜ਼ਿਲਾ ਮਾਨਸਾ ਨੂੰ ਹੀ ਮਿਲਿਆ ਹੈ। ਜ਼ਿਲਾ ਪ੍ਰੀਸ਼ਦ ਮੈਂਬਰ ਜੋਨ ਰਾਏਪੁਰ ਤੋਂ ਜਸਪਿੰਦਰ ਕੌਰ ਮੀੰਆ ਸਭ ਤੋਂ ਵੱਧ ਪੜੀ-ਲਿਖੀ ਜ਼ਿਲਾ ਪ੍ਰੀਸ਼ਦ ਮੈਂਬਰ ਹੈ ਜਦ ਕਿ ਜ਼ਿਲਾ ਪ੍ਰੀਸ਼ਦ ਮੈਂਬਰ ਜੋਨ ਆਕਲੀਆ ਤੋਂ ਅਰਸਦੀਪ ਮਾਈਕਲ ਗਾਗੋਵਾਲ ਸਭ ਤੋਂ ਘੱਟ ਉਮਰ ਦਾ ਜ਼ਿਲਾ ਪ੍ਰੀਸ਼ਦ ਮੈਂਬਰ ਹੈ।
ਨਸ਼ੇ ਦੀ ਝੁਲ ਰਹੀ ਹਨੇਰੀ ਚ’ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਮੌਤ ਦੇ ਮੂੰਹ ਚ’ ਜਾ ਰਿਹਾ ਹੈ। ਇਸ ਪੱਖੋ ਮਾਨਸਾ ਦੇ ਸੂਝਵਾਨ ਨੌਜਵਾਨ ਕਾਫੀ ਜਾਗਰੂਕ ਹਨ। ਹੋਰਨਾਂ ਜ਼ਿਲੇਆਂ ਦੇ ਮੁਕਾਬਲੇ ਮਾਨਸਾ ਚ ਕਮੀਕਲ ਤੇ ਸੰਥੈਟਿਕ ਆਦਿ ਨਸ਼ੇ ਨਾਮਾਤਰ ਹਨ। ਪ੍ਰਸ਼ਾਸਨ ਅਤੇ ਵੱਖ-ਵੱਖ ਕਲੱਬਾਂ ਵਲੋਂ ਨਸ਼ੇ ਖਿਲਾਫ ਵਿੱਢੀ ਮਹਿੰਮ ਦੇ ਸਾਰਥਿਕ ਨਤੀਜੇ ਮਿਲ ਰਹੇ ਹਨ।
ਮਾਨਸਾ ਨੇ ਦਰਜਨਾਂ ਅਜਿਹੀਆਂ ਸਖਸ਼ੀਅਤਾਂ ਪੈਦਾ ਕੀਤੀਆਂ ਹਨ ਜਿੰਨ੍ਹਾਂ ਤੇ ਹਰ ਪੰਜਾਬੀ ਨੂੰ ਮਾਣ ਹੈ । ਜਿੰਨ੍ਹਾਂ ਚ’ ਮੁੱਖ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਅੌਲਖ, ਪ੍ਰੋਫੈਸਰ ਅੱਛਰੂ ਸਿੰਘ , ਡਾਕਟਰ ਧਰਮਿੰਦਰ ਸਿੰਘ ਉੱਭਾ, ਵਿਗਿਆਨੀ ਮਦਨ ਲਾਲ ਸਿੰਗਲਾ (ਮੂਨ ਮੈਨ), ਵਿਗਿਆਨੀ ਹਰਪ੍ਰੀਤ ਸਿੰਘ ਸਿੱਧੂ , ਕਾਮਰੇਡ ਜੰਗੀਰ ਸਿੰਘ ਜੋਗਾ ਆਈ.ਪੀ.ਅੈਸ.ਮਹਿੰਦਰ ਸਿੰਘ ਮਾਨ, ਤਜਿੰਦਰ ਖੰਨਾ ਸਾਬਕਾ ਗਵਰਨਰ ਦਿੱਲੀ , ਫਿਲਮੀ ਖੇਤਰ ਚ ਰਵਿੰਦਰ ਰਵੀ, ਨਿਰਮਲ ਰਿਸ਼ੀ, ਨਿਸ਼ਾ ਬਾਨੋ, ਬਲਜਿੰਦਰ ਸੰਗੀਲਾ, ਗਾਇਕ ਕੁਲਵਿੰਦਰ ਬਿੱਲਾ, ਲਾਭ ਹੀਰਾ, ਭੁਪਿੰਦਰ ਮੋਹਾਲੀ, ਬਲਵੀਰ ਚੋਟੀਆਂ, ਸਿੱਧੂ ਮੂਸੇ ਵਾਲਾ ਆਦਿ ਜਿੰਨ੍ਹਾਂ ਨੇ ਮਾਨਸਾ ਦਾ ਨਾਮ ਦੁਨੀਆਂ ਪੱਧਰ ਤੇ ਚਮਕਾਇਆਂ ਹੈ।
ਬਲਜੀਤ ਪਾਲ,
ਪੱਤਰਕਾਰ, ਲੇਖਕ ਅਤੇ ਖੂਨਦਾਨੀ
98725-98525
EDITED BY : SARA YAHA | | Last Updated : 7:25 pm 02 October 2018























