

ਲੰਬੀ (ਸਾਰਾ ਯਹਾ) : ਹਲਕਾ ਲੰਬੀ ਦੇ ਪਿੰਡ ਸਿੰਘੇਵਾਲਾ ‘ਚ ਮੌਜੂਦਾ ਸਰਪੰਚ ਦੇ ਪਿਤਾ ਨੇ ਨੇੜਲੇ ਪਿੰਡ ਫਤੂਹੀ ਵਾਲਾ ਦੇ ਸਾਬਕਾ ਸਰਪੰਚ ਦੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਦੋਵਾਂ ਨੂੰ ਗੋਲੀ ਮਾਰ ਦਿੱਤੀ। ਇਸ ‘ਚ ਸਾਬਕਾ ਸਰਪੰਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਜਸਵਿੰਦਰ ਸਿੰਘ ਦੀ ਪਤਨੀ ਹਸਪਤਾਲ ‘ਚ ਜ਼ੇਰੇ ਇਲਾਜ ਹੈ।
ਦਰਅਸਲ ਸਰਪੰਚ ਦੇ ਪਿਤਾ ਜਸਵਿੰਦਰ ਸਿੰਘ ਨੇ ਖੁਦ ਹੀ ਫਤੂਹੀ ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਸੀ। ਅੱਜ ਸਵੇਰੇ 8 ਵਜੇ ਦੇ ਕਰੀਬ ਪਤੀ-ਪਤਨੀ ਦਾ ਝਗੜਾ ਸੁਲਝਾਉਣ ਆਏ ਹਰਜਿੰਦਰ ਸਿੰਘ ਦੇ ਘਰ ‘ਚ ਵੜਦਿਆਂ ਹੀ ਜਸਵਿੰਦਰ ਨੇ ਆਪਣੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ।
ਗੋਲੀ ਲੱਗਣ ਨਾਲ ਹਰਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਥੋਂ ਤੱਕ ਕਿ ਜਸਵਿੰਦਰ ਸਿੰਘ ਨੇ ਇੱਕ ਗੋਲੀ ਆਪਣੀ ਪਤਨੀ ਗੁਰਦੀਪ ਕੌਰ ਦੇ ਮਾਰ ਦਿੱਤੀ। ਜ਼ਖਮੀ ਹਾਲਤ ‘ਚ ਗੁਰਦੀਪ ਕੌਰ ਨੂੰ ਲੰਬੀ ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ।
ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਸਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
EDITED BY : SARA YAHA | | Last Updated :12 June 2018























