ਭਿਆਨਕ ਸੜਕ ਹਾਦਸੇ ਨੇ ਬੁਝਾਏ 5 ਘਰਾਂ ਦੇ ਚਿਰਾਗ, ਗਮਗੀਨ ਹੋਇਆ ਮਾਹੌਲ

0
4

ਤਰਨਤਾਰਨ  : ਸੋਮਵਾਰ ਤੜਕਸਾਰ ਇਕ ਘੜੁੱਕੇ ਅਤੇ ਟਰੱਕ ‘ਚ ਹੋਈ ਭਿਆਨਕ ਟੱਕਰ ਨੇ 5 ਘਰਾਂ ਦੇ ਚਿਰਾਗ ਬੁਝਾ ਕੇ ਰੱਖ ਦਿੱਤੇ। ਪਰਿਵਾਰ ਦੇ ਕੰਨਾਂ ‘ਚ ਜਦੋਂ ਇਹ ਮਾੜੀ ਖਬਰ ਪਈ ਤਾਂ ਚੀਕ-ਚਿਹਾੜਾ ਸ਼ੁਰੂ ਹੋ ਗਿਆ। ਵਾਪਰੇ ਇਸ ਭਿਆਨਕ ਹਾਦਸੇ ਦੌਰਾਨ ਮਾਰੇ ਗਏ ਮ੍ਰਿਤਕਾਂ ਦੀ ਖਬਰ ਨਾਲ ਇਲਾਕੇ ‘ਚ ਸਨਸਨੀ ਫੈਲ ਗਈ।
ਮਰਨ ਵਾਲੇ ਸਾਰੇ ਮਿਹਨਤ, ਮਜ਼ਦੂਰੀ ਕਰਨ ਵਾਲੇ ਸਨ, ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਹੋਣਾ ਬਹੁਤ ਔਖਾ ਹੁੰਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਮ੍ਰਿਤਕਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ।
ਰੋ-ਰੋ ਕੇ ਹੋਇਆ ਬੁਰਾ ਹਾਲ 
ਮ੍ਰਿਤਕ ਰਾਜਬੀਰ ਸਿੰਘ ਰਾਜਾ ਪੁੱਤਰ ਕਰਨੈਲ ਸਿੰਘ ਜੋ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਕਰਦਾ ਸੀ। ਉਸ ਵੱਲੋਂ ਆਪਣੇ ਪਰਿਵਾਰ ਜਿਸ ‘ਚ ਉਸ ਦੀ ਪਤਨੀ ਰਾਣੀ, ਬੇਟੀ ਪਲਕਪ੍ਰੀਤ ਕੌਰ (9), ਦਮਨਪ੍ਰੀਤ ਕੌਰ (6) ਅਤੇ ਨੂਰਪਾਲ ਸਿੰਘ (3) ਸ਼ਾਮਲ ਹੈ ਦਾ ਪਾਲਣ ਪੋਸ਼ਣ ਮਿਹਨਤ ਮਜ਼ਦੂਰੀ ਕਰ ਕੇ ਕੀਤਾ ਜਾ ਰਿਹਾ ਸੀ। ਇਸ ਹੋਏ ਦਰਦਨਾਕ ਹਾਦਸੇ ਨੇ ਸਾਰੇ ਪਰਿਵਾਰ ਦਾ ਭਵਿੱਖ ਰੋਲ ਕੇ ਰੱਖ ਦਿੱਤਾ ਹੈ।
ਮਨਾਉਣਾ ਸੀ ਬੱਚੇ ਦਾ ਪਹਿਲਾ ਜਨਮ ਦਿਨ 
ਮ੍ਰਿਤਕ ਹਰਜਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਕੈਰੋਂ ਜੋ ਮਜ਼ਦੂਰੀ ਕਰਦਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਮਨਜਿੰਦਰ ਕੌਰ, ਬੇਟੀ ਸ਼ਗਨਪ੍ਰੀਤ ਕੌਰ (3) ਅਤੇ 9 ਮਹੀਨੇ ਦਾ ਬੇਟਾ ਮੋਹਿਤ ਪ੍ਰੀਤ ਸਿੰਘ ਛੱਡ ਗਿਆ ਹੈ। ਹਰਜਿੰਦਰ ਸਿੰਘ ਆਪਣੇ ਘਰ ਵਿਚ ਪਰਿਵਾਰ ਦਾ ਪੇਟ ਪਾਲਣ ਵਾਲਾ ਇਕੱਲਾ ਇਨਸਾਨ ਸੀ, ਜਿਸ ਨੇ ਆਪਣੇ ਬੇਟੇ ਦਾ ਜਨਮ ਦਿਨ ਮਨਾਉਣ ਸਬੰਧੀ ਕਈ ਤਿਆਰੀਆਂ ਪੂਰੀਆਂ ਕਰਨੀਆਂ ਸਨ। ਪਤਨੀ ਨੇ ਰੋਂਦੇ-ਕੁਰਲਾਉਂਦੇ ਹੋਏੇ ਕਿਹਾ ਕਿ ਹੁਣ ਸਾਡਾ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ, ਮੇਰਾ ਸਾਈਂ ਮੈਨੂੰ ਛੱਡ ਕੇ ਚਲਾ ਗਿਆ।
ਘਰ ਦੀ ਦਹਿਲੀਜ਼ ਨੇੜੇ ਪੁੱਜੇ ਪਰ ਮੌਤ ਨੇ ਲੈ ਲਿਆ ਆਪਣੇ ਕਬਜ਼ੇ ‘ਚ
ਘੜੁੱਕਾ ਸਵਾਰ ਸਾਰੇ ਨੌਜਵਾਨ ਕਈ ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਆਪਣੇ ਪਿੰਡ ਨੇੜੇ ਪਹੁੰਚ ਹੀ ਰਹੇ ਸਨ ਕਿ ਸਾਹਮਣਿਓਂ ਆ ਰਹੇ ਟੱਰਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਮ੍ਰਿਤਕਾਂ ਦਾ ਪਰਿਵਾਰ ਉਨ੍ਹਾਂ ਦੀ ਘਰ ‘ਚ ਉਡੀਕ ਹੀ ਕਰਦਾ ਰਹਿ ਗਿਆ ਕਿਉਂਕਿ ਮੌਤ ਉਨ੍ਹਾਂ ਨੂੰ ਘਰ ਦੀ ਦਹਲੀਜ਼ ਨੇੜਿਓਂ ਹੀ ਮੋੜ ਕੇ ਆਪਣੇ ਨਾਲ ਲੈ ਗਈ।
‘ਸਾਨੂੰ ਨਹੀਂ ਮਿਲੀ ਸਮੇਂ ‘ਤੇ ਐਂਬੂਲੈਂਸ’
ਗੁਰਦੇਵ ਸਿੰਘ (15) ਪੁੱਤਰ ਬਲਵਿੰਦਰ ਸਿੰਘ ਦੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਭੱਠੇ ‘ਤੇ ਕੰਮ ਕਰਦਾ ਸੀ, ਜਿਸ ਨੇ ਆਪਣਾ ਘੜੁੱਕਾ ਪਾਇਆ ਹੋਇਆ ਸੀ, ਦੀ ਭਰ ਜਵਾਨੀ ਵਿਚ ਹੋਈ ਮੌਤ ਦਾ ਮੁੱਖ ਕਾਰਨ ਉਨ੍ਹਾਂ ਨੂੰ ਸਮੇਂ ‘ਤੇ ਐਂਬੂਲੈਂਸ ਨਾ ਮਿਲਣਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਦਸਾ ਹੋਣ ਤੋਂ ਬਾਅਦ ਗੁਰਦੇਵ ਸਿੰਘ ਦੀ ਹਾਲਤ ਨਾਜ਼ੁਕ ਸੀ, ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪੱਟੀ ਲਿਆਂਦਾ ਗਿਆ ਪਰ ਇਸ ਹਸਪਤਾਲ ਦੇ ਸਟਾਫ ਨੇ ਇਲਾਜ ਕਰਨ ਦੀ ਬਜਾਏ ਗੇਟ ਬੰਦ ਕਰ ਲਏ। ਉਨ੍ਹਾਂ ਦੋਸ਼ ਲਾਇਆ ਕਿ ਹਸਪਤਾਲ ਵਿਚ ਦੋ ਐਂਬੂਲੈਂਸਾਂ ਮੌਜੂਦ ਹੋਣ ਦੇ ਬਾਵਜੂਦ ਮਰੀਜ਼ ਨੂੰ ਅੰਮ੍ਰਿਤਸਰ ਲਿਜਾਣ ਲਈ ਐਂਬੂਲੈਂਸ ਨਹੀਂ ਦਿੱਤੀ ਗਈ। ਬਾਅਦ ਵਿਚ ਦੂਸਰੇ ਜ਼ਖਮੀਆਂ ਨੂੰ ਲਿਆ ਰਹੀ ਕੋਈ ਹੋਰ 108 ਨੰਬਰ ਐਂਬੂਲੈਂਸ ਰਾਹੀਂ ਗੁਰਦੇਵ ਸਿੰਘ ਨੂੰ ਦੇਰੀ ਨਾਲ ਅੰਮ੍ਰਿਤਸਰ ਲਿਜਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਮੁੱਖ ਮੰਤਰੀ ਨੂੰ ਭੇਜੀ ਜਾਵੇਗੀ ਰਿਪੋਰਟ
ਐੱਸ. ਡੀ. ਐੱਮ. ਪੱਟੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਹੋਏ ਦਰਦਨਾਕ ਹਾਦਸੇ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਹੈ। ਉਨ੍ਹਾਂ ਕਿਹਾ ਕਿ ਇਸ ਹੋਏ ਹਾਦਸੇ ਸਬੰਧੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਦੀ ਮਦਦ ਸਬੰਧੀ ਰਿਪੋਰਟ ਤਿਆਰ ਕਰ ਕੇ ਮੁੱਖ ਮੰਤਰੀ ਨੂੰ ਭੇਜਣਗੇ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਜ਼ਰੂਰ ਹੋਵੇਗੀ।
ਹਲਕਾ ਵਿਧਾਇਕ ਹਰਮਿੰਦਰ ਗਿੱਲ ਨੇ ਕੀਤਾ ਅਫਸੋਸ
ਇਸ ਹੋਏ ਦਰਦਨਾਕ ਹਾਦਸੇ ਸਬੰਧੀ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗਹਿਰਾ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਹੋਏ ਹਾਦਸੇ ਦਾ ਉਨ੍ਹਾਂ ਨੂੰ ਬੇਹੱਦ ਦੁੱਖ ਹੋਇਆ ਹੈ ਅਤੇ ਪੀੜਤ ਪਰਿਵਾਰਾਂ ਦੀ ਮਦਦ ਜ਼ਰੂਰ ਕੀਤੀ ਜਾਵੇਗੀ।


EDITED BY : SARA YAHA | | Last Updated : 29 May 2018

LEAVE A REPLY

Please enter your comment!
Please enter your name here