

ਮਾਨਸਾ, 15 ਜੁਲਾਈ (ਸਾਰਾ ਯਹਾ,(ਹੀਰਾ ਮਿੱਤਲ): ਪਿਛਲੇ ਦਿਨੀਂ ਜ਼ਿਲ੍ਹਾ ਮਾਨਸਾ ਵਿਖੇ ਵਧੀਕ ਸਕੱਤਰ ਸਹਿਕਾਰਤਾ ਵਿਭਾਗ, ਭਾਰਤ ਸਰਕਾਰ ਸ੍ਰੀਮਤੀ ਅੰਜਲੀ ਭਾਵੜਾ ਦੁਆਰਾ ਪਾਣੀ ਦੇ ਬਚਾਓ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਵਿਚ ਜਲ ਸ਼ਕਤੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ। ਮਾਨਸਾ ਜ਼ਿਲ੍ਹੇ ਦੇ ਦੌਰੇ ਦੇ ਅੰਤਿਮ ਦਿਨ ਸ੍ਰੀਮਤੀ ਅੰਜਲੀ ਭਾਵੜਾ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਪਾਣੀ ਦੀ ਇਕ ਇਕ ਬੂੰਦ ਨੂੰ ਬਚਾਉਣ ਲਈ ਅਗਲੇ 100 ਦਿਨਾਂ ਦੀ ਵਿਊਂਤਬੰਦੀ ਤਿਆਰ ਕਰਨ, ਜਿਸ ਤਹਿਤ ਅੱਜ ਵੱਖ-ਵੱਖ ਸਕੂਲਾਂ ਵੱਲੋਂ ਜਲ ਸ਼ਕਤੀ ਅਭਿਆਨ ਸਬੰਧੀ ਪ੍ਰੋਗਰਾਮ ਕਰਵਾਏ ਗਏ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਬੱਚਿਆਂ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਅਤੇ ਕੁਦਰਤ ਪ੍ਰਤੀ ਉਨ੍ਹਾਂ ਦੇ ਫਰਜ਼ਾਂ ਤੋਂ ਜਾਣੂ ਕਰਵਾਉੌਣ ਲਈ ਅੱਜ ਵੱਖ-ਵੱਖ ਸਕੂਲਾਂ ਵਿਚ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਹਨ ਜਿੰਨ੍ਹਾਂ ਵਿਚ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਫਫੜੇ ਭਾਈ ਕੇ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਪੇਂਟਿੰਗ ਮੁਕਾਬਲੇ ਕਰਵਾਏ ਗਏ, ਸਰਕਾਰੀ ਮਿਡਲ ਸਕੂਲ ਫੁੱਲੂਵਾਲਾ ਡੋਗਰਾ ਵਿਖੇ ਪਾਣੀ ਦੀ ਸੰਭਾਲ ਸਬੰਧੀ ਲੇਖ ਮੁਕਾਬਲੇ ਕਰਵਾਏ ਗਏ ਅਤੇ ਪੌਦੇ ਲਗਾਏ ਗਏ। ਸਰਕਾਰੀ ਸੈਕੰਡਰੀ ਸਕੂਲ ਭਾਦੜਾ ਵਿਖੇ ਪਾਣੀ ਦੀ ਸੰਭਾਲ ਸਬੰਧੀ ਜਾਗਰੂਕਤਾ ਪ੍ਰੋਗਰਾਮ ਦੇ ਨਾਲ ਨਾਲ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਫਫੜੇ ਭਾਈ ਕੇ ਵਿਖੇ ਚਾਰਟ ਮੇਕਿੰਗ ਅਤੇ ਲੇਖ ਮੁਕਾਬਲੇ, ਸਰਕਾਰੀ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ ਜਾਗਰੂਕਤਾ ਪ੍ਰੋਗਰਾਮ ਅਤੇ ਸਰਕਾਰੀ ਸੈਕੰਡਰੀ ਸਕੂਲ ਆਹਲੂਪੁਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਜਲ ਸ਼ਕਤੀ ਅਭਿਆਨ ਪ੍ਰੋਗਰਾਮ ਵਿਚ ਹਿੱਸਾ ਲਿਆ।























