

ਮਾਨਸਾ, 4 ਜੁਲਾਈ (ਸਾਰਾ ਯਹਾਂ/ਚਾਨਣਦੀਪ ਸਿੰਘ ਔਲਖ) – ਪੰਜਾਬ ਸਿਹਤ ਵਿਭਾਗ ਅਤੇ ਸਿਹਤ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਡੇਂਗੂ ਦੇ ਪ੍ਰਸਾਰਣ ਸੀਜ਼ਨ ਦੇ ਮੱਦੇਨਜ਼ਰ ਪੂਰੇ ਪੰਜਾਬ ਰਾਜ ਵਿੱਚ ਡੇਂਗੂ ਦੀ ਰੋਕਥਾਮ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਮਾਨਸਾ, ਡਾ. ਰਣਜੀਤ ਸਿੰਘ ਰਾਏ, ਖੁਦ ਜ਼ਿਲ੍ਹੇ ਵਿੱਚ ਡੇਂਗੂ ਬਾਰੇ ਜਾਗਰੂਕਤਾ ਫੈਲਾਉਣ ਦੀਆਂ ਗਤੀਵਿਧੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਹਿੱਸਾ ਲੈ ਰਹੇ ਹਨ।
ਜ਼ਿਲ੍ਹਾ ਐਪੀਡਿਮੋਲੋਜਿਸਟ, ਸ਼੍ਰੀ ਸੰਤੋਸ਼ ਭਾਰਤੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਦੇ ਟ੍ਰਾਂਸਮਿਸ਼ਨ ਸੀਜ਼ਨ ਨੂੰ ਮੁੱਖ ਰੱਖਦਿਆਂ, ਜ਼ਿਲ੍ਹੇ ਵਿੱਚ ਆਸ਼ਾ ਵਰਕਰਾਂ ਵੱਲੋਂ ਡੇਂਗੂ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਬੁਖਾਰ ਦੇ ਮਰੀਜ਼ ਵਿੱਚ ਡੇਂਗੂ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਸ ਮਰੀਜ਼ ਦੀ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਜੇਕਰ ਆਸ਼ਾ ਦੇ ਖੇਤਰ ਵਿੱਚੋਂ 3 ਜਾਂ 3 ਤੋਂ ਵੱਧ ਕੇਸ ਰਿਪੋਰਟ ਹੁੰਦੇ ਹਨ, ਤਾਂ ਇਸਦੀ ਜਾਣਕਾਰੀ ਤੁਰੰਤ ਸਬੰਧਤ CHO ਨੂੰ ਦਿੱਤੀ ਜਾਵੇਗੀ। ਅੱਗੇ, CHO ਵੱਲੋਂ MPHW ਨੂੰ, MPHW ਵੱਲੋਂ MPHS ਨੂੰ, MPHS ਵੱਲੋਂ ਜ਼ਿਲ੍ਹਾ ਐਪੀਡਿਮਿਓਲੋਜਿਸਟ ਨੂੰ ਅਤੇ ਜ਼ਿਲ੍ਹਾ ਐਪੀਡਿਮਿਓਲੋਜਿਸਟ ਵੱਲੋਂ ਸਟੇਟ ਪ੍ਰੋਗਰਾਮ ਅਫ਼ਸਰ ਨੂੰ ਈਮੇਲ ਅਤੇ ਵਟਸਐਪ ਰਾਹੀਂ ਸੂਚਿਤ ਕੀਤਾ ਜਾਵੇਗਾ।
ਸਿਹਤ ਬਲਾਕ ਖਿਆਲਾ ਕਲਾਂ ਤਹਿਤ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਮਨਦੀਪ ਸਿੰਘ ਅਤੇ ਡਾ. ਬਲਜਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਕਰਮਚਾਰੀਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਕੀਤੀਆਂ ਗਈਆਂ। ਇਸ ਵਿੱਚ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਸਿਹਤ ਟੀਮਾਂ ਵੱਲੋਂ ਘਰਾਂ ਦੇ ਸਰਵੇ ਕਰਕੇ ਲਾਰਵਾ ਚੈਕਿੰਗ ਕੀਤੀ ਗਈ।
ਇਹਨਾਂ ਗਤੀਵਿਧੀਆਂ ਦਾ ਮੁੱਖ ਮਕਸਦ ਡੇਂਗੂ ਦੇ ਫੈਲਾਅ ਨੂੰ ਰੋਕਣਾ ਅਤੇ ਲੋਕਾਂ ਨੂੰ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ, ਸਿਹਤ ਕਰਮਚਾਰੀ ਕੁਲਵਿੰਦਰ ਸਿੰਘ, ਮਨੋਜ ਕੁਮਾਰ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਰਵਿੰਦਰ ਕੁਮਾਰ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਸੁਖਵੀਰ ਸਿੰਘ, ਹਰਨੈਲ ਸਿੰਘ ਦੇ ਨਾਲ-ਨਾਲ ਏ.ਐੱਨ.ਐੱਮਜ਼, ਸੀ.ਐੱਚ.ਓਜ਼, ਆਸ਼ਾ ਵਰਕਰਾਂ, ਪੇਂਡੂ ਸਿਹਤ ਸਫ਼ਾਈ ਕਮੇਟੀ ਮੈਂਬਰ, ਬ੍ਰੀਡਿੰਗ ਚੈਕਰ, ਪ੍ਰਿੰਸੀਪਲ ਸੁਨੀਲ ਕੱਕੜ, ਸਕੂਲ ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।























