*ਭਾਕਿਯੂ ਏਕਤਾ ਡਕੌਂਦਾ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ*

0
26

ਮਾਨਸਾ 4 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਹੋਈ । ਮੀਟਿੰਗ ਵਿੱਚ ਭਖਵੇਂ ਕਿਸਾਨੀ ਮਸਲਿਆਂ ਸਮੇਤ ਪਾਣੀਆਂ ਦੇ ਮੁੱਦੇ, ਸਰਕਾਰ ਵੱਲੋਂ ਕੀਤੇ ਜਾ ਰਹੇ ਜਬਰ ਅਤੇ ਲੈਂਡ ਪੂਲਿੰਗ ਪਾਲਸੀ ਆਦਿ ਬਾਰੇ ਵਿਚਾਰਾਂ ਹੋਈਆਂ । 

           ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਸਰਕਾਰ ਦੇ ਫੈਸਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ, ਸਿਹਤ, ਬਿਜਲੀ ਅਤੇ ਨਸ਼ੇ ਸਮੇਤ ਹਰ ਖੇਤਰ ਵਿੱਚ ਫੇਲ ਹੋ ਚੁੱਕੀ ਹੈ ਅਤੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਸਰਕਾਰ ਵੱਲੋਂ ਬਾਇਓ ਗੈਸ ਫੈਕਟਰੀ ਦੇ ਨਾਂ ਉੱਤੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਵਸੋਂ ਦੇ ਨਜ਼ਦੀਕ ਧੱਕੇ ਨਾਲ ਫੈਕਟਰੀਆਂ ਲਗਾਈਆਂ ਜਾ ਰਹੀਆਂ ਹਨ । ਜਿਸ ਦਾ ਜਥੇਬੰਦੀ ਦੀ ਅਗਵਾਈ ਵਿੱਚ ਸਥਾਨਕ ਲੋਕਾਂ ਵੱਲੋਂ ਸਰਕਾਰ ਦੇ ਜਬਰ ਦਾ ਟਾਕਰਾ ਕਰਦਿਆਂ ਤਕਰੀਬਨ ਡੇਢ ਸਾਲ ਤੋਂ ਪਿੰਡ ਅਖਾੜਾ, ਭੂੰਦੜੀ ਵਿਖੇ ਵਿਰੋਧ ਕੀਤਾ ਜਾ ਰਿਹਾ ਹੈ । ਸਰਕਾਰੀ ਜਬਰ ਦੇ ਵਿਰੋਧ ਵਿੱਚ 13 ਜੁਲਾਈ ਨੂੰ ਮਰਹੂਮ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਮੌਕੇ ਪਿੰਡ ਅਖਾੜਾ ਦੇ ਵਿੱਚ ਭਰਵਾਂ ਇਕੱਠ ਕੀਤਾ ਜਾਵੇਗਾ ਅਤੇ ਜਥੇਬੰਦੀ ਦੇ ਆਗੂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ।
             ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਲੈਂਡ ਪੂਲਿੰਗ ਪਾਲਸੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੋ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਲੋਕਾਂ ਤੋਂ ਜਮੀਨਾਂ ਹੜੱਪਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ । ਜਿਸ ਨੂੰ ਜਥੇਬੰਦੀ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰੇਗੀ । ਉਹਨਾਂ ਪਿੰਡ ਠੂਠਿਆਂਵਾਲੀ ਦੀ ਸੰਘਰਸ਼ ਕਮੇਟੀ ਵੱਲੋਂ ਲੜੇ ਜਾ ਰਹੇ ਘੋਲ ਨੂੰ ਪੁਰਜ਼ੋਰ ਹਮਾਇਤ ਦੀ ਗੱਲ ਕਹੀ ।
            ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨ ਵਿੱਚ ਕੀਤੀਆਂ ਸੋਧਾਂ ਲੋਕ ਵਿਰੋਧੀ ਹਨ, ਜਿਸ ਦੀ ਮਾਰ ਆਉਂਦੇ ਦਿਨਾਂ ਵਿੱਚ ਕਿਰਤੀ ਵਰਗ ਉੱਤੇ ਦੇਖਣ ਨੂੰ ਮਿਲੇਗੀ । ਉਨ੍ਹਾਂ ਦੱਸਿਆ ਕਿ ਇੰਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਆਉਂਦੀ 9 ਜੁਲਾਈ ਨੂੰ ਟਰੇਡ ਯੂਨੀਅਨਾਂ, ਮਜ਼ਦੂਰ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਸਮੇਤ ਹੋਰਨਾਂ ਜਥੇਬੰਦੀਆਂ ਦੇ ਵੱਲੋਂ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ । ਜਿਸ ਵਿੱਚ ਜਥੇਬੰਦੀ ਵੱਲੋਂ ਆਪਣੀ ਸਰਗਰਮ ਭੂਮਿਕਾ ਨਿਭਾਈ ਜਾਵੇਗੀ । ਜਥੇਬੰਦੀ ਵੱਲੋਂ ਕਿਸਾਨ ਅਤੇ ਮਜ਼ਦੂਰ ਆਗੂਆਂ ਉੱਤੇ ਬੀਤੇ ਦਿਨਾਂ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਨਾਲ ਹੀ ਦੋਸ਼ੀਆਂ ਉੱਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ । ਜਥੇਬੰਦੀ ਵੱਲੋਂ ਪਿੰਡ ਕੁੱਲਰੀਆਂ ਦੇ ਮਰਹੂਮ ਕਿਸਾਨ ਆਗੂ ਮਹਿੰਦਰ ਸਿੰਘ ਕੁਲਰੀਆਂ ਦੀ ਜ਼ਮੀਨ ਉੱਤੇ ਧੋਖਾਧੜੀ ਦੇ ਨਾਲ ਕੀਤੇ ਜਾ ਰਹੇ ਕਬਜ਼ੇ ਦੀ ਨਿਖੇਧੀ ਕੀਤੀ ਗਈ । ਉਹਨਾਂ ਕਿਹਾ ਕਿ ਜੇਕਰ ਇਸ ਫੈਸਲੇ ਨੂੰ ਵਾਪਸ ਨਾ ਲਿਆ ਗਿਆ ਤਾਂ ਆਉਂਦੇ ਦਿਨਾਂ ਵਿੱਚ ਇਸ ਮਸਲੇ ਨੂੰ ਲੈ ਕੇ ਤਿੱਖਾ ਘੋਲ ਆਰੰਭਿਆ ਜਾਵੇਗਾ ।

            ਇਸ ਮੌਕੇ ਜ਼ਿਲਾ ਕਮੇਟੀ ਦੇ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਜਗਦੇਵ ਸਿੰਘ ਕੋਟਲੀ, ਦਰਸ਼ਨ ਸਿੰਘ ਗੁਰਨੇ, ਸਤਪਾਲ ਸਿੰਘ ਵਰ੍ਹੇ ਸਮੇਤ ਬਲਾਕ ਕਮੇਟੀਆਂ ਦੇ ਬਾਵਾ ਸਿੰਘ ਖੀਵਾ ਕਲਾਂ, ਤੇਜਾ ਸਿੰਘ ਰਾਮਾਨੰਦੀ, ਬਲਜੀਤ ਸਿੰਘ ਭੈਣੀ, ਜਗਜੀਵਨ ਸਿੰਘ ਹਸਨਪੁਰ, ਮੇਲਾ ਸਿੰਘ ਦਿਆਲਪੁਰਾ, ਹਰਚੇਤ ਸਿੰਘ ਚਕੇਰੀਆਂ ਆਦਿ ਮੌਜੂਦ ਰਹੇ ।

LEAVE A REPLY

Please enter your comment!
Please enter your name here