

ਚੰਡੀਗੜ੍ਹ (ਸਾਰਾ ਯਹਾ): ਨਸ਼ੇ ਵਿੱਚ ਜਕੜਿਆ ਪੰਜਾਬ ਕੀ ਹੁਣ ਬਦਲ ਰਿਹਾ ਹੈ? ਪਿਛਲੇ ਡੇਢ ਮਹੀਨੇ ਵਿੱਚ 50 ਤੋਂ ਵੱਧ ਮੌਤਾਂ ਮਗਰੋਂ ਨਸ਼ੇ ਵਿਰੁੱਧ ਮੁਹਿੰਮ ਵਿੱਚ ਦਿਖਾਈ ਦੇ ਰਹੀ ਤੇਜ਼ੀ ਤੋਂ ਇਹੋ ਲੱਗਦਾ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਨਸ਼ਾ ਛੁਡਾਉਣ ਲਈ ਸਰਕਾਰੀ ਕੇਂਦਰਾਂ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਦਕਿ ਕੁਝ ਸਮਾਂ ਪਹਿਲਾਂ ਤਕ ਇਹ ਕੇਂਦਰ ਖਾਲੀ ਰਹਿੰਦੇ ਸੀ।
ਨਸ਼ਾ ਛੱਡਣ ਲਈ ਕੇਂਦਰਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ ਵਿੱਚ 20 ਤੋਂ 50 ਫ਼ੀਸਦ ਤਕ ਦਾ ਵਾਧਾ ਹੋਇਆ ਹੈ। ਹਾਲਾਤ ਇਹ ਹਨ ਕਿ ਅੰਮ੍ਰਿਤਰ ਦੇ ਨਸ਼ਾ ਮੁਕਤੀ ਕੇਂਦਰੀ ਵਿੱਚ ਕੋਈ ਥਾਂ ਨਹੀਂ। ਇਸ ਲਈ ਗੁਰੂ ਨਾਨਕ ਦੇਵ ਹਸਪਤਾਲ ਪ੍ਰਬੰਧਨ ਨੇ ਹੁਣ ਸਰਾਂ ਨੂੰ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਬਦਲਣ ਦੀ ਤਿਆਰੀ ਖਿੱਚ ਲਈ ਹੈ।
ਨਸ਼ਾ ਛੁਡਾਊ ਕੇਂਦਰਾਂ ‘ਚ ਸਾਰੀਆਂ ਸੀਟਾਂ ਫੁੱਲ-
ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਡਾ. ਅਮਨ ਸੂਦ ਨੇ ਦੱਸਿਆ ਹੈ ਕਿ ਹੁਣ ਆਮ ਲੋਕ ਵੀ ਸਮਝ ਰਹੇ ਹਨ ਕਿ ਨਸ਼ਾ ਇੱਕ ਬਿਮਾਰੀ ਹੈ ਤੇ ਇਸ ਦਾ ਇਲਾਜ ਸੰਭਵ ਹੈ। ਪਹਿਲਾਂ ਮਾਪੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਲੁਕਾਉਂਦੇ ਸਨ, ਪਰ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਨਸ਼ੇ ਤਿਆਗਣ ਲਈ ਨੌਜਵਾਨਾਂ ਵਿੱਚ ਇੱਛਾ ਸ਼ਕਤੀ ਵੀ ਵਧ ਰਹੀ ਹੈ।
ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਫ਼ਰੀਦਕੋਟ ਤੇ ਕਪੂਰਥਲਾ ਦੇ ਸਰਕਾਰੀ ਹਸਪਤਾਲਾਂ ਦੇ ਨਸ਼ਾ ਛੁਡਾਊ ਕੇਂਦਰਾਂ ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ। ਰੋਜ਼ਾਨਾ 8 ਤੋਂ 10 ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੁਝ ਹਸਪਤਾਲਾਂ ਵਿੱਚ ਵੱਖਰੇ ਤੌਰ ‘ਤੇ ਬੈੱਡ ਲਾਉਣੇ ਪੈ ਰਹੇ ਹਨ, ਤਾਂ ਬਾਕੀ ਮਰੀਜ਼ਾਂ ਨੂੰ ਬਾਅਦ ਵਿੱਚ ਤੈਅ ਕੀਤੇ ਦਿਨ ਨੂੰ ਆਉਣ ਲਈ ਕਿਹਾ ਜਾ ਸਕੇ।
ਸਿਰਫ ਗੰਭੀਰ ਮਰੀਜ਼ ਹੀ ਕੀਤੇ ਜਾ ਰਹੇ ਭਰਤੀ-
ਪੰਜਾਬ ਸਰਕਾਰ ਨੇ 81 ਵਿਸ਼ੇਸ਼ ਓਪੀਡੀ ਕਲੀਨਿਕ ਸਥਾਪਤ ਕੀਤੇ ਹਨ। ਇਨ੍ਹਾਂ ਕੇਂਦਰਾਂ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਪਹੁੰਚ ਰਹੇ ਹਨ। ਜਿਨ੍ਹਾਂ ਨੌਜਵਾਨਾਂ ਨੂੰ ਨਸ਼ਾ ਛੱਡਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ 10 ਦਿਨਾਂ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕੀਤਾ ਜਾਂਦਾ ਹੈ। ਜਦਕਿ ਜਿਨ੍ਹਾਂ ਵਿੱਚ ਥੋੜ੍ਹਾ ਆਤਮਵਿਸ਼ਵਾਸ ਹੁੰਦਾ ਹੈ, ਉਨ੍ਹਾਂ ਨੂੰ ਰੋਜ਼ਾਨਾ ਇਨ੍ਹਾਂ ਕੇਂਦਰਾਂ ਤੋਂ ਇਲਾਜ ਮਿਲ ਰਿਹਾ ਹੈ।
ਕਿੰਝ ਹੁੰਦਾ ਹੈ ਇਲਾਜ-
ਇਨ੍ਹਾਂ ਕੇਂਦਰਾਂ ਵਿੱਚੋਂ ਬੂਪ੍ਰੋਨੋਰਿਫਿਨ ਤੇ ਨਾਲੇਕਸੋਨ ਦੀਆਂ ਗੋਲ਼ੀਆਂ ਮਿਲਦੀਆਂ ਹਨ। ਇਨ੍ਹਾਂ ਗੋਲ਼ੀਆਂ ਨੂੰ ਦਰੜ ਕੇ ਜੀਭ ਦੇ ਹੇਠ ਰੱਖਿਆ ਜਾਂਦਾ ਹੈ ਤੇ ਨਸ਼ਾ ਕਰਨ ਵਾਲੇ ਨੂੰ ਪੁਰਾਣੇ ਨਸ਼ੇ ਦੀ ਤੋਟ ਨਹੀਂ ਲੱਗਦੀ। ਕੇਂਦਰ ਵਿਚ ਹੀ ਮਰੀਜ਼ਾਂ ਨੂੰ ਇਹ ਖ਼ੁਰਾਕ ਦਿੱਤੀ ਜਾਂਦੀ ਹੈ। ਇਸ ਨਾਲ ਇਹ ਖ਼ਦਸ਼ਾ ਨਹੀਂ ਰਹਿੰਦਾ ਕਿ ਨਸ਼ਾ ਕਰਨ ਵਾਲੇ ਇਸ ਦਾ ਟੀਕਾ ਬਣਾ ਕੇ ਨਾ ਲਾ ਲੈਣ ਤੇ ਜਾਂ ਕਿਸੇ ਨੂੰ ਅੱਗੇ ਨਾ ਵੇਚ ਦੇਣ।
ਹਰ ਸ਼ਹਿਰ ਵਿੱਚ ਪਹਿਲੀ ਵਾਰ ਆ ਰਹੇ ਇੰਨੇ ਮਰੀਜ਼-
ਜਲੰਧਰ ਵਿੱਚ ਦੋ ਸਰਕਾਰੀ ਨਸ਼ਾ ਛੁਡਾਊ ਕੇਂਦਰ ਹੈ। ਸਿਵਲ ਹਸਪਤਾਲ ਦੇ ਕੇਂਦਰ ਵਿੱਚ 50 ਤੇ ਨੂਰਮਹਿਲ ਸੀਐਚਸੀ ਵਿੱਚ 10 ਬੈੱਡ ਹਨ। ਲੰਮੀ ਵੇਟਿੰਗ ਦੇ ਚਲਦਿਆਂ 10 ਲੋਕਾਂ ਨੂੰ ਰੋਜ਼ਾਨਾ ਆਉਣ ਲਈ ਕਿਹਾ ਗਿਆ ਹੈ। ਪਠਾਨਕੋਟ ਸਿਵਲ ਹਸਪਤਾਲ ਵਿੱਚ ਵੀ 20 ਬੈੱਡ ਹਨ ਤੇ ਮਰੀਜ਼ਾਂ ਦੀ ਗਿਣਤੀ 23 ਹੈ ਤੇ 13 ਨੂੰ ਵੇਟਿੰਗ ਲਿਸਟ ਵਿੱਚ ਰੱਖਿਆ ਗਿਆ ਹੈ।
ਅੰਮ੍ਰਿਤਸਰ ਨਸ਼ਾ ਛੁਡਾਊ ਕੇਂਦਰ ਦੀ ਸਮਰੱਥਾ 50 ਮਰੀਜ਼ਾਂ ਦੀ ਹੈ। ਕੁਝ ਸਮਾਂ ਪਹਿਲਾਂ ਇੱਥੇ 30 ਮਰੀਜ਼ ਸਨ ਜਦਕਿ ਹੁਣ ਇਹ ਕੇਂਦਰ ਫੁੱਲ ਹੈ। ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਸਾਰੇ 30 ਬੈੱਡ ਭਰ ਚੁੱਕੇ ਹਨ। ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਵੀ 30 ਬੈੱਡ ਹਨ, ਪਰ ਮਰੀਜ਼ ਜ਼ਿਆਦਾ ਹੋਣ ਕਾਰਨ 13 ਬੈੱਡ ਹੋਰ ਲਾ ਦਿੱਤੇ ਗਏ ਹਨ। ਪਹਿਲੀ ਵਾਰ ਮਰੀਜ਼ਾਂ ਦੀ ਇੰਨੀ ਗਿਣਤੀ ਵੇਖਣ ਨੂੰ ਮਿਲੀ ਹੈ। ਓਪੀਡੀ ਵਿੱਚ ਵੀ 50% ਵਾਧਾ ਹੋਇਆ ਹੈ।
EDITED BY : SARA YAHA | | Last Updated : 11:59 pm 22 JULY 2018























