

ਬੁਢਲਾਡਾ 13 ਜੁਲਾਈ (ਸਾਰਾ ਯਹਾਂ/ਮੇਹਤਾ ਅਮਨ) ਅਰਥ ਸ਼ਾਸਤਰ ਵਿਸ਼ੇ ਦਾ ਅੰਗਰੇਜੀ ਵਿੱਚ ਨਾਮ ਅਨੁਵਾਦ ਇਕਨੋਮੀਕਸ ਹੈ। ਇਹ ਨਾਮ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਓਈਕੋਸ (ਘਰੇਲੂ) ਅਤੇ ਨੋਮਜ (ਪ੍ਰਬੰਧਨ) ਦੇ ਸੁਮੇਲ ਤੋਂ ਬਣਿਆ ਹੈ। ਇਹ ਸ਼ਬਦ ਅਰਥ ਮਾਹਰ ਬਲਵਿੰਦਰ ਕੌਰ ਨੇ ਕਹੇ ਉਹਨਾਂ ਕਿਹਾ ਅਸਲ ਵਿੱਚ ਇਹ ਵਿਸ਼ਾ ਇੱਕ ਪ੍ਰਸਿੱਧ ਸਮਾਜਿਕ ਵਿਗਿਆਨ ਵਿਸ਼ਾ ਹੈ, ਜਿਹੜਾ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵੰਡ ਅਤੇ ਖਪਤ ਨਾਲ ਸਬੰਧਤ ਹੈ। ਸੈਕੰਡਰੀ ਪੱਧਰ ਭਾਵ ਗਿਆਰਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਕਰਨ ਸਮੇਂ ਵਿਦਿਆਰਥੀਆਂ ਵਲੋਂ ਇਸ ਵਿਸ਼ੇ ਦੀ ਚੋਣ ਸਬੰਧੀ ਮਹੱਤਵਪੂਰਨ ਪਹਿਲੂਆਂ ਦੀ ਚਰਚਾ ਹੇਠ ਲਿਖੇ ਅਨੁਸਾਰ ਹੈ। ਇਸ ਸੰਬੰਧੀ ਜਾਣਕਾਰੀ ਅਰਥ ਸ਼ਾਸਤਰ ਦੀ ਲੈਕਚਰਾਰ ਬਲਵਿੰਦਰ ਕੌਰ, ਸ.ਸ.ਸ. ਪੱਕਾ ਕਲਾਂ (ਬਠਿੰਡਾ) ਨੇ ਦੱਸਿਆ ਕਿ ਅਰਥ ਸ਼ਾਸਤਰ ਵਿਸ਼ਾ ਪੜ੍ਹ ਕੇ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆਂ ਸਬੰਧੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ। ਇਹ ਵਿਸ਼ਾ ਪੜ੍ਹਨ ਉਪਰੰਤ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਅਰਥ ਵਿਧਾਨ ਕਿਵੇਂ ਕੰਮ ਕਰਦਾ ਹੈ ਅਤੇ ਬਜ਼ਾਰਾਂ ਦੀ ਕਾਰਗੁਜਾਰੀ ਕੀ ਹੈ। ਵਿਅਕਤੀਆਂ, ਕਾਰੋਬਾਰਾਂ ਅਤੇ ਸਰਕਾਰਾਂ ਵਲੋਂ ਫੈਸਲੇ ਕਿਵੇਂ ਲਏ ਜਾਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਗਰੀਬੀ, ਅਸਮਾਨਤਾ ਅਤੇ ਆਰਥਿਕ ਵਿਕਾਸ ਵਰਗੇ ਗੰਭੀਰ ਵਿਸ਼ਿਆਂ ਦੀ ਚੰਗੀ ਸਮਝ ਪ੍ਰਾਪਤ ਕਰ ਲੈਂਦੇ ਹਨ। ਇਸ ਵਿਸ਼ੇ ਦੀ ਪੜ੍ਹਾਈ ਨਾਲ ਵਿਦਿਆਰਥੀਆਂ ਦੀ ਅਲੋਚਨਾਤਮਕ ਅਤੇ ਤਕਰਯੋਗ ਸੋਚ ਦਾ ਵਿਕਾਸ ਹੁਦਾ ਹੈ। ਵਿਦਿਆਰਥੀਆਂਵਿੱਚ ਡੈਟਾ ਵਿਸ਼ਲੇਸ਼ਣ ਕਰਨਾ, ਸਮੱਸਿਆਵਾਂ ਨੂੰ ਅਲੋਚਨਾਤਮਕ ਢੰਗ ਨਾਲ ਸੋਚਣਾ ਆਦਿ ਮਹੱਤਵਪੂਰਨ ਗੁਣਾਂ ਦਾ ਵਿਕਾਸ ਹੁੰਦਾ ਹੈ। ਇਸ ਵਿਸ਼ੇ ਵਿੱਚ ਵਿਦਿਆਰਥੀ ਸਿਰਫ ਅੰਕੜਿਆ ਦੀ ਹੀ ਪੜ੍ਹਾਈ ਨਹੀਂ ਕਰਦੇ, ਸਗੋਂ ਮਨੁੱਖੀ ਵਿਹਾਰ ਦੀ ਪੜ੍ਹਾਈ ਵੀ ਕਰਦੇ ਹਨ। ਵਿਦਿਆਰਥੀਆਂ ਨੂੰ ਇਹ ਪਤਾ ਲੱਗਦਾ ਹੈ ਕਿ ਲੋਕ ਕਿਵੇਂ ਸੋਚਦੇ ਹਨ ਅਤੇ ਰੁਕਾਵਟਾਂ ਅਧੀਨ ਕਿਵੇਂ ਫੈਸਲੇ ਲੈਣੇ ਹਨ। ਇਹ ਵਿਸ਼ਾ ਪੜ੍ਹਨ ਨਾਲ ਵਿਦਿਆਰਥੀਆਂ ਵਿੱਚ ਹਰੇਕ ਪ੍ਰਕਾਰ ਦੀਆਂ ਸਮੱਸਿਆਵਾਂ ਦੀ ਪਛਾਣ ਕਰਨ, ਉਹਨਾਂ ਦੇ ਕਾਰਨਾ ਦਾ ਵਿਸ਼ਲੇਸ਼ਣ ਕਰਨ ਅਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਗਲੋਬਲ ਸਮੱਸਿਆਵਾਂ ਜਿਵੇਂ ਕਿ ਗਲੋਬਲੀ ਕਰਨ, ਗਰੀਬੀ ਅਤੇ ਅਸਮਾਨਤਾ ਅਤੇ ਆਰਥਿਕ ਵਿਕਾਸ ਲਈ ਵਿਕਾਸਸ਼ੀਲ ਦੇਸ਼ਾਂ ਦੀਆਂ ਚੁਣੋਤੀਆਂ ਸਬੰਧੀ ਪੂਰਨ ਰੂਪ ਵਿੱਚ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਵਿਸ਼ੇ ਦੀ ਪੜਾਈ ਮੁਕੰਮਲ ਕਰਨ ਉਪਰੰਤ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਵਿਦਿਆਰਥੀ ਬੈਂਕਾਂ ਅਤੇ ਵਪਾਰਿਕ ਸੰਸਥਾਵਾਂ ਵਿੱਚ ਨੌਕਰੀ ਕਰ ਸਕਦੇ ਹਨ। ਉਹ ਸਰਕਾਰੀ ਵਿਭਾਗਾਂਵਿੱਚ ਆਰਥਿਕ ਨੀਤੀਆਂ ’ਤੇ ਕੰਮ ਕਰਨ ਤੋਂ ਇਲਾਵਾ ਅਰਥਸ਼ਾਤਰੀ ਖੋਜ਼ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਗਲੋਬਲ ਆਰਥਿਕਤਾ ਨਾਲ ਜੁੜੇ ਖੇਤਰਾਂ ਵਿੱਚ ਵੀ ਕੰਮ ਕਰ ਸਕਦੇ ਹਨ। ਅੰਤ ਵਿੱਚ ਉਪਰੋਕਤ ਚਰਚਾ ਦੇ ਅਧਾਰ ਤੇ ਅਸੀ ਇਹ ਕਹਿ ਸਕਦੇ ਹਾਂਕਿ ਅਰਥ ਸ਼ਾਸਤਰ ਇੱਕ ਬਹੁਤ ਹੀ ਕੀਮਤੀ ਵਿਸ਼ਾ ਹੈ।। ਇਹ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਚੰਗੀ ਸਮਝ, ਸੋਚਣ ਦੀ ਸਮਰੱਥਾ ਅਤੇ ਬਹੁਤ ਸਾਰੇ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਦਿੰਦਾ ਹੈ। ਅਸਲੀਅਤ ਇਹ ਹੈ ਕਿ ਅਰਥ ਸ਼ਾਸਤਰ ਵਿਸ਼ਾ ਪੜ੍ਹ ਕੇ ਵਿਦਿਆਰਥੀ ਆਪਣੇ ਸਫਲ ਭਵਿੱਖ ਵੱਲ ਸਹੀ ਕਦਮ ਚੁੱਕਦੇ ਹਨ।























