*ਮਾਨਸਾ ਸ਼ਹਿਰ ਨੂੰ ਜਿੱਥੇ ਸੀਵਰੇਜ ਦੇ ਪਾਣੀ ਨੇ ਵਖ਼ਤ ਪਾਇਆ ਹੋਇਆ ਹੈ..! ਉਥੇ ਹੀ ਬੱਸਾਂ ਦੀ ਤੇਜ਼ ਰਫ਼ਤਾਰੀ ਅਤੇ ਪ੍ਰੈਸਰ ਹਾਰਨਾ ਨੇ ਲੋਕਾਂ ਦਾ ਸੜਕਾਂ ਤੇ ਚੱਲਣਾ ਦੁੱਭਰ ਕੀਤਾ ਹੋਇਆ ਹੈ*

0
54

ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  : ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਇੱਕ ਪ੍ਰਾਈਵੇਟ ਬੱਸ ਦੇ ਡਰਾਇਵਰ ਵੱਲੋਂ ਲਿੰਕ ਰੋਡ ਦੇ ਪੰਪ ਨੇੜੇ ਲਾਪਰਵਾਹੀ ਨਾਲ ਬੱਸ ਚਲਾਉਂਦਿਆਂ ਗੱਡੀ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਅੱਗੇ ਜਾ ਰਹੀਆਂ ਦੋ ਕਾਰਾਂ ਦਾ ਭਾਰੀ ਨੁਕਸਾਨ ਹੋ ਗਿਆ। ਇਸ ਨਾਲ ਜਿੱਥੇ ਗੱਡੀ ਸਵਾਰਾਂ ਨੂੰ ਆਰਥਿਕ ਨੁਕਸਾਨ ਹੋਇਆ ਓਥੇ ਹੀ ਭਾਰੀ ਖੱਜਲ ਖ਼ੁਆਰੀ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਬੱਸਾਂ ਵਾਲੇ ਲਿੰਕ ਰੋਡ ਉਪਰ ਓਵਰ ਸਪੀਡ ਬੱਸਾਂ ਚਲਾਉਂਦੇ ਹਨ ਅਤੇ ਪਰੈਸ਼ਰ ਹਾਰਨਾਂ ਉਪਰੋਂ ਵੀ ਹੱਥ ਨਹੀਂ ਚੱਕਦੇ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮਾਨਸਾ ਸ਼ਹਿਰ ਦੇ ਇੱਕ ਟਰੈਫਿਕ ਪੁਲਿਸ ਮੁਲਾਜ਼ਮ ਨੇ ਪਰੈਸ਼ਰ ਹਾਰਨ ਵਜਾਉਣ ਕਾਰਨ ਇੱਕ ਸਰਕਾਰੀ ਬੱਸ ਦਾ ਚਲਾਨ ਕੱਟ ਦਿੱਤਾ ਸੀ

ਜਿਸ ਤੋਂ ਬਾਅਦ ਬੱਸਾਂ ਵਾਲਿਆਂ ਨੇ ਧਰਨਾ ਲਗਾ ਕੇ ਬੱਸ ਅੱਡਾ ਜਾਮ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਪਹਿਲਾਂ ਬੱਸਾਂ ਵਾਲੇ ਪੈਟਰੋਲ ਪੰਪ ਤੱਕ ਹੀ ਪਰੈਸ਼ਰ ਹਾਰਨ ਵਜਾਉਦੇ ਸਨ ਅਤੇ ਬਾਅਦ ਵਿੱਚ ਛੋਟਾ ਹਾਰਨ ਮਾਰਦੇ ਸਨ ਪਰ ਇਸ ਘਟਨਾ ਤੋਂ ਬਾਅਦ ਹੁਣ ਬੱਸਾਂ ਵਾਲੇ ਬੱਸ ਸਟੈਂਡ ਤੱਕ ਪਰੈਸ਼ਰ ਹਾਰਨ ਵਜਾੳਂਦੇ ਆਉਂਦੇ ਹਨ ਅਤੇ ਡਿਊਟੀ ਤੇ ਤਾਇਨਾਤ ਟਰੈਫਿਕ ਪੁਲਿਸ ਮੁਲਾਜ਼ਮ ਬੇਬੱਸ ਹੋਏ ਹਾਰਨ ਨੂੰ ਅਣਸੁਣਿਆ ਕਰਕੇ ਮਜਬੂਰੀ ਕਾਰਨ ਦੂਸਰੇ ਪਾਸੇ ਮੂੰਹ ਭੁਆ ਲੈਂਦੇ ਹਨ। ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿਚ ਸਪੀਡ ਲਿਮਟ ਦੇ ਬੋਰਡ ਲਗਾਏ ਜਾਣ ਅਤੇ ਪਰੈਸ਼ਰ ਹਾਰਨ ਵਜਾਉਣ ਦੀ ਮਨਾਹੀ ਦੇ ਵੀ ਬੋਰਡ ਲਗਾਏ ਜਾਣ ਅਤੇ ਸਪੀਡ ਬਰੇਕਰ ਵੀ ਲਗਾਏ ਜਾਣ। ਪਰੈਸ਼ਰ ਹਾਰਨ ਵਜਾਉਣ ਤੇ ਭਾਰੀ ਚਲਾਨ ਕੀਤੇ ਜਾਣ ਅਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਹੱਲ ਕੀਤਾ ਜਾਵੇ।

LEAVE A REPLY

Please enter your comment!
Please enter your name here