ਮਾਲ ਪਟਵਾਰੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ ਇੰਤਕਾਲ ਦਰਜ ਕਰਨ ਦੇ ਮੰਗੇ ਸਨ ਪੈਸੇ

0
65

ਮੋਗਾ, 14 ਜਨਵਰੀ (ਸਾਰਾ ਯਹਾ )-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤਖੋਰੀ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਵਿਜੀਲੈਂਸ ਬਿਊਰੋ ਮੋਗਾ ਨੇ ਇਕ ਮਾਲ ਪਟਵਾਰੀ ਨੂੰ 4 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਜਾ ਦਬੋਚਿਆ। ਇਸ ਸੰਬੰਧ ਵਿਚ ਕਥਿਤ ਦੋਸ਼ੀ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜਪੁਰ ਵਿਚ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ ਰਛਪਾਲ ਸਿੰਘ ਨੇ ਦੱਸਿਆ ਕਿ ਪਿੰਡ ਘੱਲ ਕਲਾਂ ਨਿਵਾਸੀ ਜਤਿੰਦਰ ਪਾਲ ਸਿੰਘ ਨੇ ਆਪਣੀ ਸਾਢੇ ਚਾਰ ਏਕੜ ਜ਼ਮੀਨ ਤੇ ਆਪਣੇ ਭਰਾ ਸੁਖਵਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੇ ਨਾਮ ਤੇ ਕੇਨਰਾ ਬੈਂਕ ਤੋਂ 4-4 ਲੱਖ ਰੁਪਏ ਦੀਆਂ ਤਿੰਨ ਲਿਮਟਾਂ ਬਣਵਾਈਆਂ ਸਨ। ਜ਼ਮੀਨ ਦੀ ਰਜਿਸਟਰੀ ਬੈਂਕ ਦੇ ਨਾਮ ਹੋਣ ਤੇ ਕਿਸਾਨ ਨੇ ਉਕਤ ਰਜਿਸਟਰੀਆਂ ਆਪਣੇ ਪਿੰਡ ਘੱਲ ਕਲਾਂ ਵਿਚ ਤਾਇਨਾਤ ਪਟਵਾਰੀ ਛਿੰਦਰ ਸਿੰਘ ਨਿਵਾਸੀ ਪਿੰਡ ਲੰਡੇ (ਸਮਾਲਸਰ) ਨੂੰ ਇੰਤਕਾਲ ਦਰਜ ਕਰਨ ਅਤੇ ਮਨਜੂਰ ਕਰਨ ਦੇ ਲਈ ਕਰੀਬ 4-5 ਦਿਨ ਪਹਿਲਾਂ ਦਿੱਤੀ ਸੀ, ਜਿਸ ਤੇ ਉਸਨੇ ਇਸ ਕੰਮ ਦੇ ਲਈ ਕਥਿਤ ਤੌਰ ਤੇ ਪੰਜ ਹਜ਼ਾਰ ਰੁਪਏ ਰਿਸ਼ਵਤ ਦੇ ਮੰਗੇ, ਜਿਸ ਤੇ ਕਿਸਾਨ ਜਤਿੰਦਰਪਾਲ ਸਿੰਘ ਪੁੱਤਰ ਸੁਖਪਾਲ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਤੋਂ ਸੰਪਰਕ ਕੀਤਾ ਅਤੇ ਕਿਹਾ ਕਿ ਮਾਲ ਪਟਵਾਰੀ ਛਿੰਦਰ ਸਿੰਘ ਪੰਜ ਹਜਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ, ਪਰ ਸਾਡਾ ਸੌਦਾ ਚਾਰ ਹਜ਼ਾਰ ਰੁਪਏ ਵਿਚ ਤੈਅ ਹੋਇਆਹੈ। ਡੀ.ਐਸ.ਪੀ ਰਛਪਾਲ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਸਮੇਤ ਪ੍ਰਦੀਪ ਕੁਮਾਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਮੋਗਾ ਅਤੇ ਜਸਵੀਰ ਸਿੰਘ ਉਪ ਮੰਡਲ ਅਧਿਕੀ ਮੰਡੀ ਬੋਰਡ ਮੋਗਾ ਦੇ ਇਲਾਵਾ ਸੁਖਵਿੰਦਰ ਸਿੰਘ ਗਵਾਹ ਨੂੰ ਨਾਲ ਲੈ ਕੇ ਮਾਲ ਪਟਵਾਰੀ ਵਲੋਂ ਬਣਾਏ ਗਏ ਉਸਦੇ ਪ੍ਰਾਈਵੇਟ ਦਫਤਰ ਵਿਚ ਜਾ ਪੁੱਜੇ ਅਤੇ ਜਦੋਂ ਹੀ ਜਤਿੰਦਰਪਾਲ ਸਿੰਘ ਨੇ ਚਾਰ ਹਜ਼ਾਰ ਰੁਪਏ ਰਿਸ਼ਵਤ ਦੇ ਮਾਲ ਪਟਵਾਰੀ ਛਿੰਦਰ ਸਿੰਘ ਨੂੰ ਦਿੱਤੇ, ਤਾਂ ਅਸੀਂ ਉਸ ਨੂੰ ਤੁਰੰਤ ਰੰਗੇ ਹੱਥੀਂ ਦਬੋਚ ਲਿਆ ਅਤੇ ਹਿਰਾਸਤ ਵਿਚ ਲੈ ਲਿਆ। ਡੀਐਸਪੀ ਨੇ ਦੱਸਿਆ ਕਿ ਉਕਤ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੁੱਛਗਿੱਛ ਦੇ ਬਾਅਦ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


EDITED BY : SARA YAHA | | Last Updated : 7:25 PM 14 ਜਨਵਰੀ 2018

LEAVE A REPLY

Please enter your comment!
Please enter your name here