

ਮੋਗਾ, 14 ਜਨਵਰੀ (ਸਾਰਾ ਯਹਾ)-ਬੀਤੀ ਦੇਰ ਰਾਤ ਬੇਦੀ ਨਗਰ ਮੋਗਾ ਨਿਵਾਸੀ ਸੰਤੋਖ ਸਿੰਘ ਦੇ ਘਰ ਵਿਚ ਲੱਗ ਅੱਗ ਦੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ। ਸ਼ੱਕ ਕੀਤਾ ਜਾ ਰਿਹਾ ਹੈ ਕਿ ਅੱਗ ਬਿਜਲੀ ਸਾਰਟ ਸਰਕਿਟ ਕਾਰਨ ਲੱਗੀ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੇ ਲੋਕਾਂ ਇਸ ਦੀ ਜਾਣਕਾਰੀ ਫਾਇਰ ਬਿਗ੍ਰੇਡ ਮੋਗਾ ਨੂੰ ਦਿੱਤੀ, ਜਿਸ ਤੇ ਫਾਇਰ ਬਿਗ੍ਰੇਡ ਕਰਮਚਾਰੀਆਂ ਨੇ ਤੁਰੰਤ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕਾਫੀ ਮਿਹਨਤ ਦੇ ਬਾਅਦ ਅੱਗ ਨੂੰ ਬੁਝਾਇਆ। ਜਾਣਕਾਰੀ ਦੇ ਅਨੁਸਾਰ ਸੰਤੋਖ ਸਿੰਘ ਜੋ ਜੀਰਾ ਰੋਡ ਤੇ ਟ੍ਰਾਲੀ ਬਨਾਉਣ ਦਾ ਕੰਮ ਕਰਦਾ ਹੈ, ਨੇ ਕਰੀਬ ਇਕ ਮਹੀਨਾ ਪਹਿਲਾਂ ਹੀ ਬੇਦੀ ਨਗਰ ਮੋਗਾ ਵਿਚ ਜਗਜੀਤ ਸਿੰਘ ਐਨ ਆਰ ਆਈ ਦੇ ਮਕਾਨ ਦੀ ਦੂਸਰੀ ਮੰਜਿਲ ਨੂੰ ਕਿਰਾਏ ਤੇ ਲਿਆ ਸੀ। ਬੀਤੀ ਰਾਤ ਜਦ ਉਸਦੀ ਪਤਨੀ ਹਰਿੰਦਰ ਕੌਰ ਉਰਫ ਨੀਨਾ ਆਪਣੇ ਬੱਚਿਆਂ ਨੂੰ ਦੁਕਾਨ ਤੋਂ ਸਮਾਨ ਦਿਵਾਉਣ ਦੇ ਲਈ ਗਈ ਅਤੇ ਵਾਪਸ ਆ ਕੇ ਦੇਖਿਆ ਤਾਂ ਉਨਾਂ ਦੇ ਘਰ ਦੇ ਮੂਹਰੇ ਲੋਕਾਂ ਦਾ ਭਾਰੀ ਇਕੱਠ ਸੀ। ਲੋਕਾਂ ਨੇ ਉਨਾਂ ਨੂੰ ਦੱਸਿਆ ਕਿ ਉਸਦੇ ਮਕਾਨ ਵਿਚ ਅੱਗ ਲੱਗ ਗਈ ਹੈ। ਜਦ ਉਹ ਉਪਰ ਪਹੁੰਚੀ ਤਾਂ ਦੇਖਿਆ ਕਿ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ ਸੀ। ਸੰਤੋਖ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾ ਕਰੀਬ ਦੋ ਲੱਖ ਰੁਪਏ ਮੁੱਲ ਦਾ ਘਰੇਲੂ ਸਮਾਨ ਜਿਸ ਵਿਚ ਏ.ਸੀ, ਫਰਿੱਜ, ਟੀ.ਵੀ ਅਤੇ ਹੋਰ ਸਮਾਨ ਸੜ ਕੇ ਰਾਖ ਹੋ ਗਿਆ। ਇਸ ਮੌਕੇ ਪੁਲਸ ਅਧਿਕਾਰੀ ਵੀ ਹਾਜਰ ਸਨ।
EDITED BY : SARA YAHA | | Last Updated : 7:19 PM 14 ਜਨਵਰੀ 2018
























