

ਮਾਨਸਾ, 14 ਜਨਵਰੀ ( ਬਲਜੀਤ ਸ਼ਰਮਾ ): ਪੰਜਾਬ ਦੇ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਝੀਂਗਾ ਕਿਸਮ ਦੀ ਮੱਛੀ ਪਾਲਣ ਸਬੰਧੀ ਬਲਾਕ ਝੁਨੀਰ ਦੇ ਪਿੰਡ ਝੇਰਿਆਂਵਾਲੀ ਵਿਖੇ ਕਿਸਾਨਾਂ ਲਈ ਇਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖਾਰੇ ਪਾਣੀ ਅਤੇ ਸੇਮ ਵਾਲਾ ਇਲਾਕਾ ਹੋਣ ਕਾਰਨ ਇਥੋਂ ਦਾ ਕਿਸਾਨ ਆਰਥਿਕ ਮੰਦਹਾਲੀ ਨਾਲ ਜੂਝਦਾ ਰਿਹਾ ਹੈ, ਕਿਉਂਕਿ ਇਥੋਂ ਦੀ ਜ਼ਮੀਨ ਖੇਤੀਬਾੜੀ ਯੋਗ ਨਾ ਹੋਣ ਕਾਰਨ ਫਸਲ ਪੈਦਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਖਾਰੇ ਪਾਣੀ ਵਾਲੀ ਜ਼ਮੀਨ ਝੀਂਗਾ ਫਾਰਮਿੰਗ ਲਈ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 6 ਜ਼ਿਲ੍ਹਿਆਂ ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿਚ ਝੀਂਗਾ ਮੱਛੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਤੇ ਇਨ੍ਹਾਂ ਜ਼ਿਲ੍ਹਿਆਂ ਵਿਚ ਜੋ ਜਮੀਨ ਖਾਰਾਪਣ ਵਧਣ ਕਰਕੇ ਖੇਤੀਬਾੜੀ ਦੇ ਯੋਗ ਨਹੀਂ ਰਹੀ ਉਸ ਜ਼ਮੀਨ ਤੇ ਝੀਂਗਾ ਪਾਲਣ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਝੀਂਗਾ ਫਾਰਮਿੰਗ ਦੀ ਇਕ ਫਸਲ ਤੋਂ ਤਕਰੀਬਨ ਚਾਰ ਟਨ ਝੀਂਗੇ ਦਾ ਉਤਪਾਦਨ ਪ੍ਰਤੀ ਫਸਲ ਕੀਤਾ ਜਾ ਸਕਦਾ ਹੈ, ਜਿਸ ਤੋਂ ਤਰਕਰੀਬਨ 10-12 ਲੱਖ ਪ੍ਰਤੀ ਹੈਕਟੇਅਰ ਪ੍ਰਤੀ ਫ਼ਸਲ ਦੀ ਆਮਦਨ ਪ੍ਰਤੀ ਏਕੜ ਪ੍ਰਤੀ ਸਾਲ ਪਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਿਰਤ ਦੇ ਕੰਮ ਨਾਲ ਜੁੜੇ ਲੋਕਾਂ ਦੇ ਲਾਭਪਾਤਰੀ ਕਾਰਡ ਬਣਾਏ ਜਾਣ ਕਿਉਂਕਿ ਕਿਰਤ ਵਿਭਾਗ ਦੇ ਲਾਭਪਾਤਰੀਆਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਲਾਭ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਰਾਂ ਕਿਹਾ ਕਿ ਇਕ ਕਿਸਾਨ ਦੇ ਪੁੱਤ ਹੋਣ ਦੇ ਨਾਮ ਤੇ ਉਨ੍ਹਾਂ ਦਾ ਫਰਜ਼ ਹੈ ਕਿ ਪੰਜਾਬ ਸਰਕਾਰ ਦੁਆਰਾ ਸੂਬੇ ਨੂੰ ਨਸ਼ਾ ਮੁਕਤ, ਕਰਜਾ ਮੁਕਤ ਅਤੇ ਖੁਦਕੁਸ਼ੀ ਮੁਕਤ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਤੋਂ ਸਹਿਯੌਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਇਸ ਨਾਅਰੇ ਨੂੰ ਪੂਰੇ ਪੰਜਾਬ ਵਿਚ ਬੁਲੰਦ ਕਰਨਗੇ।
ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਅਜੀਤਇੰਦਰ ਸਿੰਘ ਮੋਫਰ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰਾਂ ਉਨ੍ਹਾਂ ਦੁਆਰਾ ਖੁਦ ਮੱਛੀ ਪਾਲਣ, ਪਸ਼ੂ ਪਾਲਣ ਵਿਚ ਦਿਲਚਸਪੀ ਲੈ ਕੇ ਸਹਿਯੋਗ ਕੀਤਾ ਜਾ ਰਿਹਾ ਹੈ ਇਸ ਤਰਾਂ ਆਉਣ ਵਾਲੇ ਦੋ ਸਾਲਾਂ ਵਿਚ ਝੀਂਗਾ ਫਾਰਮਿੰਗ ਵਿਚ ਇਨਕਲਾਬ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿਚ ਸਬਸਿਡੀ ਬਹੁਤ ਹੈ,ਸਿਰਫ਼ ਜ਼ਮੀਨ ਕਿਸਾਨ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਪੰਜਾਬ ਸ੍ਰ. ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜ੍ਹੀ ਹੈ ਤਾਂ ਜੋ ਕਿਸਾਨੀ ਨੂੰ ਮੁੜ ਤੋਂ ਖੁਸ਼ਹਾਲ ਕੀਤਾ ਜਾ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਡਾ. ਮਦਨ ਮੋਹਨ ਨੇ ਕਿਹਾ ਕਿ ਪੰਜਾਬ ਦੇ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਝੀਂਗਾ ਕਿਸਮ ਦੀ ਮੱਛੀ ਪਾਲਣ ਦੀ ਲਈ ਫਾਇਦੇਮੰਦ ਸਾਬਿਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਪੰਜਾਬ ਦੇ 250 ਏਕੜ ਰਕਬੇ ਵਿਚ ਝੀਂਗੇ ਦੀ ਫਾਰਿਮੰਗ ਕੀਤੀ ਗਈ। ਇਸ ਸਾਲ ਪੰਜਾਬ ਵਿਚ ਕੁੱਲ 500 ਟਨ ਝੀਂਗੇ ਦੀ ਪੈਦਾਵਾਰ ਹੋਈ। ਮਾਨਸਾ ਜ਼ਿਲ੍ਹੇ ਵਿਚ ਇਸ ਸਾਲ ਪਹਿਲੀ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਮੀਨਾਂ ਵਿਚ ਕਿਸਾਨਾਂ ਨੇ 25 ਏਕੜ ਰਕਬੇ ਵਿਚ ਝੀਂਗੇ ਦੀ ਕਾਸ਼ਤ ਕੀਤੀ ਅਤੇ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਖਾਰੇ ਪਾਣੀ ਨਾਲ ਪ੍ਰਭਾਵਿਤ ਜ਼ਮੀਨਾਂ ਵਿਚ ਝੀਂਗਾ ਫਾਰਮਿੰਗ ਕਰਨ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਖਾਰੇਪਾਣੀ ਵਿਚ ਝੀਂਗਾ ਫਾਰਮਿੰਗ ਕਰਨ ਅਤੇ ਝੀਂਗਾ ਪਾਲਣ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਸਬੰਧੀ ਇਕ ਕਿਤਾਬਚਾ ਵੀ ਜਾਰੀ ਕੀਤਾ ਗਿਆ ਅਤੇ ਕਿਰਤ ਵਿਭਾਗ ਵੱਲੋਂ ਲਾਭਪਾਤਰੀਆਂ ਨੂੰ ਸੈਂਕਸ਼ਨ ਲੈਟਰ ਵੰਡੇ ਗਏ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਡਾ. ਮਨੋਜ ਬਾਲਾ ਬਾਂਸਲ, ਕਾਂਗਰਸੀ ਆਗੂ ਸ਼੍ਰੀ ਬਿਕਰਮਜੀਤ ਸਿੰਘ ਮੋਫ਼ਰ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਡਾਇਰੈਕਟਰ ਡੇਅਰੀ ਤੇ ਵਿਕਾਸ ਸ੍ਰੀ ਇੰਦਰਜੀਤ ਸਿੰਘ, ਕਿਰਤ ਵਿਭਾਗ ਤੋਂ ਸਹਾਇਕ ਲੇਬਰ ਕਮਿਸ਼ਨਰ ਅਤੇ ਡਿਪਟੀ ਡਾਇਰੈਕਟਰ ਪਸ਼ੁ ਪਾਲਣ ਸ੍ਰੀ ਗੁਰਪਾਲ ਸਿੰਘ ਵਾਲੀਆ, ਸਹਾਇਕ ਡਾਇਰੈਕਟਰ ਮੱਛੀ ਪਾਲਣ ਮਾਨਸਾ ਸ੍ਰੀ ਸੁਖਵਿੰਦਰ ਸਿੰਘ, ਵਿਦਿਆ ਸਾਗਰ, ਰਾਮ ਸਿੰਘ ਸਰਦੂਲਗੜ੍ਹ, ਸਹਾਇਕ ਡਾਇਰੈਕਟਰ ਮੱਛੀ ਪਾਲਣ ਮੁੱਖ ਦਫ਼ਤਰ ਮੋਹਾਲੀ ਸ੍ਰੀ ਸੁਖਵਿੰਦਰ ਸਿੰਘ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਸਵਿੰਦਰ ਕੌਰ ਮੀਆਂ, ਸਰਪੰਚ ਪਿੰਡ ਬਾਜੇਵਾਲਾ ਸ੍ਰ. ਪੋਹਲੋਜੀਤ ਸਿੰਘ, ਸੀ.ਆਈ.ਐਫ਼.ਈ ਰੋਹਤਕ ਦੇ ਸਾਇੰਸਦਾਨਾਂ ਤੋਂ ਇਲਾਵਾ ਅਗਾਂਹਵਧੂ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।
EDITED BY : SARA YAHA | | Last Updated : 7:30 PM 14 ਜਨਵਰੀ 2018
























