

ਲੰਡਨ — ਬ੍ਰਿਟੇਨ ਦੀਆਂ ਉੱਚ ਯੂਨੀਵਰਸਿਟੀਆਂ ਦੀ ਇਕ ਪ੍ਰਭਾਵਸ਼ਾਲੀ ਪ੍ਰਤੀਨਿਧੀ ਸੰਸਥਾ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਨੂੰ ਦੂਰ ਕਰਨ ਲਈ ਨਵੇਂ ਪੋਸਟ-ਸਟੱਡੀ ਵੀਜ਼ੇ ਦੀ ਮੰਗ ਕੀਤੀ ਹੈ। ਇਸ ਵੀਜ਼ੇ ਦਾ ਲਾਭ ਭਾਰਤੀਆਂ ਨੂੰ ਵੀ ਹੋਵੇਗਾ। ਇਹ ਵੀਜ਼ਾ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਮਗਰੋਂ ਕੁਝ ਸਮਾਂ ਇੱਥੇ ਕੰਮ ਕਰਨ ਦੀ ਇਜਾਜ਼ਤ ਦੇਵੇਗਾ।
ਇੱਥੇ ਦੱਸ ਦੇਈਏ ਕਿ ਸਾਲ 2012 ਵਿਚ ਬ੍ਰਿਟਿਸ਼ ਸਰਕਾਰ ਨੇ ਪੋਸਟ-ਸਟੱਡੀ ਵਰਕ ਵੀਜ਼ਾ ਖਤਮ ਕਰ ਦਿੱਤਾ ਸੀ। ਇਸ ਵੀਜ਼ਾ ਤਹਿਤ ਵਿਦਿਆਰਥੀ ਗਰੈਜੂਏਸ਼ਨ ਤੋਂ ਬਾਅਦ ਦੋ ਸਾਲ ਤਕ ਇੱਥੇ ਕੰਮ ਵੀ ਕਰ ਸਕਦੇ ਸਨ। ਇਸ ਵੀਜ਼ਾ ਦੇ ਖਤਮ ਹੋਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਖਾਸ ਕਰ ਕੇ ਭਾਰਤ ਤੋਂ ਇੱਥੇ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ ਭਾਰੀ ਕਮੀ ਆਈ। ਜੇਕਰ ਗੱਲ 2010-11 ਦੇ ਅੰਕੜਿਆਂ ਦੀ ਕਰੀਏ ਤਾਂ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 24,000 ਸੀ, ਉੱਥੇ ਹੀ 2015-16 ‘ਚ ਇਹ ਘਟ ਕੇ 9,000 ਰਹਿ ਗਈ।
ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਯੂਨੀਵਰਸਿਟੀਜ਼ ਯੂ. ਕੇ. ਦੇ ਇੰਟਰਨੈਸ਼ਨਲ ਪਾਲਿਸੀ ਨੈੱਟਵਰਕ ਨੇ ਸਰਕਾਰ ਤੋਂ ਨਵੇਂ ਪੋਸਟ-ਸਟੱਡੀ ਵੀਜ਼ਾ ਦੀ ਮੰਗ ਕੀਤੀ ਹੈ। ਇੰਟਰਨੈਸ਼ਨਲ ਪਾਲਿਸੀ ਨੈੱਟਵਰਕ ਦੇ ਪ੍ਰਧਾਨ ਸਟੀਵ ਸਮਿੱਥ ਨੇ ਕਿਹਾ ਕਿ ਨਵਾਂ ਵੀਜ਼ਾ ਸਿਸਟਮ ਬਣਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬ੍ਰਿਟੇਨ ਵਿਦੇਸ਼ੀ ਸਿੱਖਿਆ ਦੇ ਸਥਾਨਾਂ ਦੀ ਚੋਣ ਕਰਨ ਲਈ ਭਾਰਤੀ ਵਿਦਿਆਰਥੀਆਂ ਦੇ ਨਾਲ-ਨਾਲ ਕੌਮਾਂਤਰੀ ਵਿਦਿਆਰਥੀਆਂ ਦੇ ਆਕਰਸ਼ਣ ਲਈ ਆਪਣਾ ਸਥਾਨ ਗੁਆ ਦੇਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਕੌਮਾਂਤਰੀ ਵਿਦਿਆਰਥੀਆਂ ਲਈ ਦੁਨੀਆ ਦੇ ਮੋਹਰੀ ਸਥਾਨਾਂ ‘ਚੋਂ ਇਕ ਹੈ। ਸੰਸਥਾ ਨੇ ਫਿਲਹਾਲ ਇਕ ਅਸਥਾਈ ਗਲੋਬਲ ਗਰੈਜੂਏਟ ਵੀਜ਼ਾ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਤਹਿਤ ਯੋਗ ਕੌਮਾਂਤਰੀ ਵਿਦਿਆਰਥੀ ਗਰੈਜੂਏਸ਼ਨ ਮਗਰੋਂ ਦੋ ਸਾਲ ਤਕ ਬ੍ਰਿਟੇਨ ‘ਚ ਕੰਮ ਕਰ ਸਕਦੇ ਹਨ।
EDITED BY : SARA YAHA | | Last Updated : 6:45 pm 4 September 2018



















