

ਲੰਡਨ : ਦੁਨੀਆ ਦੇ ਸਰਵਸ਼੍ਰੇਸ਼ਠ ਬੱਲੇਬਾਜ਼ਾਂ ਵਿਚੋਂ ਇਕ ਅਤੇ ਸਾਬਕਾ ਕਪਤਾਨ ਇੰਗਲੈਂਡ ਦੇ ਐਲਿਸਟਰ ਕੁੱਕ ਨੇ ਸੋਮਵਾਰ ਨੂੰ ਐਲਾਨ ਕਰ ਦਿੱਤਾ ਕਿ ਉਹ ਭਾਰਤ ਖਿਲਾਫ ਮੌਜੂਦਾ ਟੈਸਟ ਸੀਰੀਜ਼ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿਚ ਸੰਨਿਆਸ ਲਵੇਗਾ। ਇੰਗਲੈਂਡ ਪੰਜ ਮੈਚਾਂ ਦੀ ਸੀਰੀਜ਼ ਵਿਚ 3-1 ਦੀ ਅਜੇਤੂ ਬੜ੍ਹਤ ਬਣਾ ਚੁੱਕਾ ਹੈ ਅਤੇ ਸੀਰੀਜ਼ ਦਾ ਆਖਰੀ ਮੈਚ 7 ਸਤੰਬਰ ਨੂੰ ਲੰਡਨ ਵਿਚ ਖੇਡਿਆ ਜਾਵੇਗਾ। ਕੁੱਕ ਇੰਗਲੈਂਡ ਦੇ ਵਲੋਂ ਟੈਸਟ ਮੈਚਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
ਦਿਲਚਸਪ ਗੱਲ ਇਹ ਹੈ ਕਿ ਕੁੱਕ ਨੇ ਭਾਰਤ ਖਿਲਾਫ ਮਾਰਚ 2006 ਵਿਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਮੌਜੂਦਾ ਚਲ ਰਹੀ ਟੈਸਟ ਸੀਰੀਜ਼ ਵਿਚ ਭਾਰਤ ਖਿਲਾਫ ਕੁੱਕ ਦਾ ਬੱਲਾ ਸ਼ਾਂਤ ਰਿਹਾ ਹੈ ਅਤੇ ਹੁਣ ਉਹ ਭਾਰਤ ਖਿਲਾਫ ਹੀ ਸੰਨਿਆਸ ਲੈ ਰਿਹਾ ਹੈ। ਕੁੱਕ ਨੇ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਦੀ ਅਧਿਕਾਰਤ ਵੈਬਸਾਈਟ ‘ਤੇ ਕਿਹਾ, ” ਪਿਛਲੇ ਕੁਝ ਮਹੀਨਿਆਂ ਦੇ ਮੁਸ਼ਕਲ ਸਮੇਂ ਨੂੰ ਦੇਖਦੇ ਹੋਏ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਮੇਰੇ ਲਈ ਇਕ ਦੁੱਖ ਭਰਿਆ ਦਿਨ ਹੈ। ਮੈਂ ਖੁਸ਼ੀ ਦੇ ਨਾਲ ਕ੍ਰਿਕਟ ਨੂੰ ਆਪਣਾ ਸਭ ਕੁਝ ਦਿੱਤਾ ਹੈ ਅਤੇ ਹੁਣ ਕ੍ਰਿਕਟ ਨੂੰ ਦੇਣ ਲਈ ਮੇਰੇ ਕੋਲ ਕੁਝ ਨਹੀਂ ਬਚਿਆ। ਸਾਬਕਾ ਕਪਤਾਨ ਕੁੱਕ ਨੇ ਇੰਗਲੈਂਡ ਦੇ ਲਈ 160 ਟੈਸਟ ਮੈਚ ਖੇਡੇ ਹਨ ਅਤੇ ਇਸ ਦੌਰਾਨ ਉਸ ਨੇ 44.88 ਦੀ ਔਸਤ ਨਾਲ 12254 ਦੌੜਾਂ ਬਣਾਈਅਾਂ ਹਨ। ਉਸ ਦੇ ਬੱਲੇ ਤੋਂ 32 ਸੈਂਕੜੇ ਅਤੇ 56 ਅਰਧ ਸੈਂਕੜੇ ਨਿਕਲੇ ਹਨ। ਕੁੱਕ ਦੇ ਨਾਂ ਇੰਗਲੈਂਡ ਵਲੋਂ ਸਭ ਤੋਂ ਵੱਧ ਦੌੜਾਂ, ਸਭ ਤੋਂ ਵੱਧ ਮੈਚ, ਸਭ ਤੋਂ ਵੱਧ ਸੈਂਕੜੇ ਅਤੇ ਸਭ ਤੋਂ ਵੱਧ 150 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਇਸ ਤੋਂ ਇਲਾਵਾ 92 ਵਨਡੇ ਵਿਚ 3204 ਦੌੜਾਂ ਬਣਾਈਆਂ ਹਨ।

EDITED BY : SARA YAHA | | Last Updated : 6:੨5 pm 3 September 2018


















