

ਮਾਨਸਾ, 24 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵੱਲੋਂ ਅਣ-ਅਧਿਕਾਰਤ ਤੌਰ ’ਤੇ ਬੁੱਕ ਸਟੋਰ ਖੋਲ੍ਹਕੇ ਕਿਤਾਬਾਂ ਮਹਿੰਗੇ ਰੇਟ ’ਤੇ ਵੇਚੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਸਿੱਖਿਆ ਵਿਭਾਗ ਮਾਨਸਾ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਨੂੰ ਲੈਕੇ ਹੜਕੰਪ ਮੱਚ ਗਿਆ। ਸ਼ਹਿਰ ਦੇ ਸਿਰਸਾ ਰੋਡ ਸਥਿਤ ਸ੍ਰੀ ਚੈਤੰਨਿਆ ਸਕੂਲ ਵੱਲੋਂ ਖੋਖਰ ਰੋਡ ’ਤੇ ਇੱਕ ਸਟੋਰ ਖੋਲ੍ਹਕੇ ਕਿਤਾਬਾਂ ਵੇਚੀਆਂ ਜਾ ਰਹੀਆਂ ਸਨ।
ਸਿੱਖਿਆ ਵਿਭਾਗ ਮਾਨਸਾ ਨੂੰ ਸਕੂਲ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ਮਿਲੀ ਸੀ ਕਿ ਇਸ ਸਟੋਰ ’ਤੇ ਆਮ ਨਾਲੋਂ ਮਹਿੰਗੇ ਰੇਟ ’ਤੇ ਕਿਤਾਬਾਂ ਵੇਚਕੇ ਲੁੱਟ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਡਿਪਟੀ ਡੀ.ਈ.ਓ ਮਦਨ ਲਾਲ ਕਟਾਰੀਆ, ਡਿਪਟੀ ਡੀ.ਈ.ਓ ਡਾ. ਪਰਮਜੀਤ ਸਿੰਘ ਅਤੇ ਤਹਿਸੀਲਦਾਰ ਅਮਰਜੀਤ ਸਿੰਘ ਨੇ ਪੁਲੀਸ ਪਾਰਟੀ ਨੂੰ ਨਾਲ ਲੈਕੇ ਸਟੋਰ ’ਤੇ ਛਾਪੇਮਾਰੀ ਕੀਤੀ। ਸਟੋਰ ਪ੍ਰਬੰਧਕਾਂ ਵਿੱਚ ਹਫੜਾ-ਦਫ਼ੜੀ ਮੱਚ ਗਈ। ਸਕੂਲੀ ਬੱਚਿਆਂ ਦੇ ਮਾਪਿਆਂ ਦੀਆਂ ਕਿਤਾਬਾਂ ਖਰੀਦਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਪਰ ਕੁੱਝ ਸਮੇਂ ਬਾਅਦ ਹੀ ਇਹ ਸਟੋਰ ਖਾਲੀ ਕਰ ਦਿੱਤਾ ਗਿਆ।

ਡਿਪਟੀ ਡੀ.ਈ.ਓ ਮਦਨ ਲਾਲ ਕਟਾਰੀਆ ਨੇ ਦੱਸਿਆ ਕਿ ਸਕੂਲ ਵੱਲੋਂ ਕਿਤਾਬਾਂ ਵੇਚਣ ਲਈ ਤਿੰਨ ਬੁੱਕ ਸਟੋਰ ਨਿਰਧਾਰਿਤ ਕੀਤੇ ਜਾਣੇ ਹੁੰਦੇ ਹਨ, ਜਿੰਨਾਂ ਦਾ ਨਾਮ ਵੀ ਜਨਤਕ ਕਰਨਾ ਹੁੰਦਾ ਹੈ, ਇਹ ਇਸ ਲਈ ਕੀਤਾ ਜਾਂਦਾ ਹੈ ਕਿ ਕਿਸੇ ਇੱਕ ਸਟੋਰ ਦੀ ਮਨਮਰਜ਼ੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸਕੂਲ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ ਹੋਇਆ ਸੀ ਅਤੇ ਮੌਕੇ ’ਤੇ ਕਿਤਾਬਾਂ ਦਾ ਵੱਡਾ ਸਟਾਕ ਮੌਜੂਦ ਸੀ।
ਸਿੱਖਿਆ ਅਧਿਕਾਰੀ ਸ੍ਰੀ ਕਟਾਰੀਆ ਨੇ ਦੱਸਿਆ ਕਿ ਸਕੂਲ ਵੱਲੋਂ ਅਣ-ਅਧਿਕਾਰਤ ਤੌਰ ’ਤੇ ਕਿਤਾਬਾਂ ਵੇਚੀਆਂ ਜਾ ਰਹੀਆਂ ਸਨ। ਉਨ੍ਹਾਂ ਵੱਲੋਂ ਮੌਕੇ ਕਾਰਵਾਈ ਕਰਦਿਆਂ ਇਸ ਦੀ ਰਿਪੋਰਟ ਡੀਪੀਆਈ (ਸਕੂਲ) ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਜ਼ ਦਿੱਤੀ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਧਰ ਬੱਚਿਆਂ ਦੇ ਕੁੱਝ ਮਾਪਿਆਂ ਨੇ ਇਹ ਮਾਮਲਾ ਸਿੱਖਿਆ ਸਕੱਤਰ ਪੰਜਾਬ ਅੰਨਿਆਦਿੱਤਾ ਮਿਸ਼ਰਾ ਦੇ ਧਿਆਨ ਵਿੱਚ ਵੀ ਲਿਆਂਦਾ ਹੈ, ਜਿੰਨ੍ਹਾਂ ਵੱਲੋਂ ਮਾਪਿਆਂ ਨੂੰ ਇਸ ਦੀ ਪੜਤਾਲ ਕਰਵਾਈ ਦਾ ਭਰੋਸਾ ਦਿੱਤਾ ਗਿਆ ਹੈ।























