

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦਾ ਰਹਿਣ ਵਾਲਾ ਫੌਜ ਜਵਾਨ ਲਾਂਸ ਨਾਇਕ ਸੰਦੀਪ ਸਿੰਘ ਸ੍ਰੀਨਗਰ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਸੰਦੀਪ ਸਿੰਘ ਦੇ ਪਿਤਾ ਤੇ ਪਰਿਵਾਰ ਦਾ ਕਹਿਣਾ ਹੈ ਕਿ ਚਾਹੇ ਪੁੱਤ ਦੇ ਜਾਣ ਨਾਲ ਉਨ੍ਹਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰ ਉਹ ਸ਼ਹਾਦਤ ’ਤੇ ਮਾਣ ਮਹਿਸੂਸ ਕਰਦੇ ਹਨ। ਸ਼ਹੀਦ ਸੰਦੀਪ ਸਿੰਘ 2007 ’ਚ ਫੌਜ ਵਿੱਚ ਭਰਤੀ ਹੋਇਆ ਸੀ। ਆਪਣੀ ਦਲੇਰੀ ਤੇ ਕਾਬਲੀਅਤ ਕਰਕੇ ਹੁਣ ਉਹ ਯੂਨਿਟ 4 ਪੈਰਾ ਸਪੈਸ਼ਲ ਫੋਰਸ ਵਿੱਚ ਤਾਇਨਾਤ ਸੀ।
ਅੱਜ ਬਾਅਦ ਦੁਪਹਿਰ ਸ਼ਹੀਦ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਲਿਆਂਦਾ ਗਿਆ। ਇਸ ਮੌਕੇ ਸ਼ਹੀਦ ਦੀ ਅੰਤਿਮ ਯਾਤਰਾ ’ਚ ਉਸ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਇਲਾਕੇ ਦੇ ਲੋਕ, ਪ੍ਰਸ਼ਾਸ਼ਨਿਕ ਅਧਿਕਾਰੀ ਤੇ ਸਿਆਸਤਦਾਨ ਪਹੁੰਚੇ। ਸ਼ਹੀਦ ਸੰਦੀਪ ਸਿੰਘ ਦੇ ਪਿਤਾ ਜਗਦੇਵ ਸਿੰਘ ਤੇ ਪਰਿਵਾਰ ਨੇ ਮੀਡੀਆ ਨੂੰ ਕਿਹਾ ਕਿ ਸ੍ਰੀਨਗਰ ਦੇ ਤੰਗਧਾਰ ਇਲਾਕੇ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੰਦੀਪ ਗੋਲ਼ੀ ਲੱਗਣ ਦੇ ਬਾਵਜੂਦ ਮੁਕਾਬਲਾ ਕਰਦਾ ਰਿਹਾ। ਗੋਲ਼ੀ ਲੱਗਣ ਦੇ ਬਾਵਜੂਦ ਉਸ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਤੇ ਸ਼ਹੀਦੀ ਹਾਸਲ ਕੀਤੀ।
ਸ਼ਹੀਦ ਸੰਦੀਪ ਸਿੰਘ ਦੀ ਪਤਨੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਦੁੱਖ ਤਾਂ ਬਹੁਤ ਹੈ ਪਰ ਆਪਣੇ ਪਤੀ ਦੀ ਸ਼ਹਾਦਤ ’ਤੇ ਮਾਣ ਮਹਿਸੂਸ ਕਰਦੀ ਹਾਂ। ਉਸ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਵੀ ਫੌਜੀ ਬਣਾਏਗੀ। ਸੰਦੀਪ ਸਿੰਘ ਦੇ ਭਰਾ ਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਸੰਦੀਪ ਸਿੰਘ ਪਿਛਲੇ ਸਾਲ ਭਾਰਤੀ ਫੌਜ ਵੱਲੋਂ ਪਾਕਿਸਤਾਨ ’ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਕਰਨ ਵਾਲੇ ਫ਼ੌਜੀਆਂ ’ਚ ਵੀ ਸ਼ਾਮਲ ਸੀ। ਸ਼ਹੀਦ ਸੰਦੀਪ ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ, 5 ਸਾਲ ਦਾ ਇਕਲੌਤਾ ਪੁੱਤਰ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ।
EDITED BY : SARA YAHA | | Last Updated : 6:58 pm 25 September 2018























