

ਮਾਨਸਾ, 25 ਸਤੰਬਰ (ਬਲਜੀਤ ਸ਼ਰਮਾ ): ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਸਿਹਤਮੰਦ ਜ਼ਿੰਦਗੀ ਜਿਊਣ ਦਾ ਮੌਕਾ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਓ.ਓ.ਏ.ਟੀ. (ਆਊਟ ਪੇਸ਼ੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ) ਕੇਂਦਰ ਨਸ਼ੇ ਛੱਡਣ ਵਾਲੇ ਵਿਅਕਤੀਆਂ ਲਈ ਕਾਰਗਰ ਸਿੱਧ ਹੋ ਰਹੇ ਹਨ। ਜ਼ਿਲ੍ਹਾ ਮਾਨਸਾ ਵਿੱਚ ਸਬ ਡਿਵੀਜ਼ਨ ਪੱਧਰ ‘ਤੇ 3 ਓ.ਓ.ਏ.ਟੀ. ਕੇਂਦਰ, ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਠੂਠਿਆਂਵਾਲੀ ਰੋਡ ਮਾਨਸਾ, ਸਬ ਡਿਵੀਜ਼ਨਲ ਹਸਪਤਾਲ ਸਰਦੂਲਗੜ੍ਹ ਅਤੇ ਸਬ ਡਿਵੀਜ਼ਨਲ ਹਸਪਤਾਲ ਬੁਢਲਾਡਾ ਵਿਖੇ ਚਲ ਰਹੇ ਹਨ, ਜਿਨ੍ਹਾਂ ਵਿੱਚ ਹੁਣ ਤੱਕ ਨਸ਼ਾ ਛੱਡਣ ਦੇ ਚਾਹਵਾਨ 1838 ਮਰੀਜ਼ ਰਜਿਸਟਰਡ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕਮਿਊਨਿਟੀ ਸਿਹਤ ਕੇਂਦਰ ਪੱਧਰ ‘ਤੇ ਚਾਰ ਹੋਰ ਓ.ਓ.ਏ.ਟੀ. ਕੇਂਦਰ ਛੇਤੀ ਹੀ ਸ਼ੁਰੂ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ-ਮੁਕਤ ਪੰਜਾਬ ਮੁਹਿੰਮ ਤਹਿਤ ਸਥਾਪਤ ਕੀਤੇ ਗਏ ਇਨ੍ਹਾਂ ਓ.ਓ.ਏ.ਟੀ. ਕੇਂਦਰਾਂ ਵਿੱਚ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਵਿਲੱਖਣ ਸ਼ਨਾਖ਼ਤੀ ਨੰਬਰ ਦਿੱਤਾ ਜਾਂਦਾ ਹੈ, ਜੋ ਆਧਾਰ ਕਾਰਡ ਨਾਲ ਲਿੰਕ ਹੁੰਦਾ ਹੈ। ਓ.ਓ.ਏ.ਟੀ. ਪ੍ਰਾਜੈਕਟ ਅਧੀਨ ਮਰੀਜ਼ ਨੂੰ ਆਨਲਾਈਨ ਰਜਿਸਟਡ ਕੀਤਾ ਜਾਂਦਾ ਹੈ ਤਾਂ ਜੋ ਅਧਿਕਾਰੀ, ਮਰੀਜ਼ ਨੂੰ ਦਿੱਤੀ ਜਾਂਦੀ ਦਵਾਈ ਦੀ ਹਰ ਇੱਕ ਡੋਜ਼ ਦੀ ਨਿਗਰਾਨੀ ਰੱਖ ਸਕਣ ਅਤੇ ਦਵਾਈ ਦੀ ਦੁਰਵਰਤੋਂ ਜਾਂ ਮੁੜ ਵਿਕਰੀ ਰੋਕਣਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਨਸ਼ੇ ਦੇ ਟੀਕੇ ਲਾਉਣ ਵਾਲੇ, ਲੰਮੇ ਸਮੇਂ ਤੋਂ ਨਸ਼ਾ ਕਰ ਰਹੇ ਜਾਂ ਫਿਰ ਵਾਰ-ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਕਰਨ ਵਿੱਚ ਅਸਫ਼ਲ ਰਹੇ ਮਰੀਜ਼ਾਂ ਨੂੰ ਨਸ਼ਾ ਛੁਡਾ ਕੇ ਮੁੱਖ ਧਾਰਾ ਵਿੱਚ ਲਿਆਉਣ ਲਈ ਇਹ ਓ.ਓ.ਏ.ਟੀ. ਕੇਂਦਰ ਕਾਰਗਰ ਸਿੱਧ ਹੋ ਰਹੇ ਹਨ। ਅਜਿਹੇ ਮਰੀਜ਼ਾਂ ਨੂੰ ਰੋਜ਼ਾਨਾ ਦੇ ਆਧਾਰ ‘ਤੇ ਦਵਾਈ ਸਟਾਫ਼ ਵਲੋਂ ਆਪਣੇ ਸਾਹਮਣੇ ਖੁਆਈ ਜਾਂਦੀ ਹੈ ਅਤੇ ਦਵਾਈ ਦੀ ਮਿਕਦਾਰ ਸਬੰਧਤ ਵਿਅਕਤੀ ਦੇ ਨਸ਼ੇ ਦੀ ਮਾਤਰਾ ਦੇ ਸੇਵਨ ‘ਤੇ ਨਿਰਭਰ ਕਰਦੀ ਹੈ। ਸਿਵਲ ਸਰਜਨ ਮੁਤਾਬਕ ਇਹ ਦਵਾਈ ਘਰ ਲਿਜਾਣ ਵਾਸਤੇ ਨਹੀਂ ਦਿੱਤੀ ਜਾਂਦੀ। ਸਿਵਲ ਸਰਜਨ ਨੇ ਦੱਸਿਆ ਕਿ ਜੇ ਮਰੀਜ਼ ਸੂਬੇ ਦੇ ਕਿਸੇ ਹੋਰ ਹਿੱਸੇ ਵਿੱਚ ਗਿਆ ਹੈ ਤਾਂ ਉਹ ਨੇੜਲੇ ਸਰਕਾਰੀ ਓ.ਓ.ਏ.ਟੀ. ਕੇਂਦਰ ਵਿੱਚ ਆਪਣਾ ਸ਼ਨਾਖ਼ਤੀ ਨੰਬਰ ਦੱਸ ਕੇ ਦਵਾਈ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਨਸ਼ਾ ਛੱਡਣ ਲਈ ਆਉਂਦੇ ਹਨ, ਉਨ੍ਹਾਂ ਨੂੰ ਨਸ਼ਾ ਕਰਨ ਦੀ ਮਿਕਦਾਰ ਅਤੇ ਨਸ਼ੇ ਦੀ ਕਿਸਮ ਮੁਤਾਬਕ ਓ.ਪੀ.ਡੀ. ਰਾਹੀਂ ਜਾਂ ਦਾਖ਼ਲ ਕਰਕੇ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਓ.ਓ.ਏ.ਟੀ. ਕੇਂਦਰ ਓ.ਪੀ.ਡੀ. ਆਧਾਰਤ ਹਨ। ਸਿਰਫ਼ ਗੰਭੀਰ ਮਰੀਜ਼ਾਂ ਨੂੰ ਹੀ ਦਾਖ਼ਲ ਕਰਕੇ ਇਲਾਜ ਕੀਤਾ ਜਾਂਦਾ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਦਾ ਓ.ਪੀ.ਡੀ. ਵਿਧੀ ਰਾਹੀਂ ਹੀ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਲੋੜੀਂਦੀ ਦਵਾਈ ਉਪਲਬਧ ਕਰਵਾਈ ਜਾਂਦੀ ਹੈ ਅਤੇ ਹੌਲੀ-ਹੌਲੀ ਦਵਾਈ ਘੱਟ ਕਰਕੇ ਮਰੀਜ਼ ਨੂੰ ਨਸ਼ਾ ਮੁਕਤੀ ਤੇ ਮੁੜ-ਵਸੇਬਾ ਕੇਂਦਰ ਵਿਖੇ ਭੇਜ ਦਿੱਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਓ.ਓ.ਏ.ਟੀ. ਕੇਂਦਰਾਂ ਵਿੱਚੋਂ ਦਵਾਈ ਲੈ ਰਹੇ ਨੌਜਵਾਨ ਨਸ਼ਿਆਂ ਦੀ ਰਾਹ ਤੋਂ ਮੁੜ ਆਏ ਹਨ ਅਤੇ ਉਨ੍ਹਾਂ ਦਾ ਜੀਵਨ ਹੁਣ ਮੁੱਖ ਧਾਰਾ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਲਾਜ ਕਰਵਾ ਰਹੇ ਵਿਅਕਤੀ ਤੰਦਰੁਸਤ ਮਹਿਸੂਸ ਕਰ ਰਹੇ ਹਨ। ਡਾ. ਠਕਰਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਜਾਂ ਰਿਸ਼ਤੇਦਾਰਾਂ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਦਾ ਓ.ਓ.ਏ.ਟੀ. ਕੇਂਦਰ ਤੋਂ ਇਲਾਜ ਕਰਾਉਣ।
4 ਹੋਰ ਓ.ਓ.ਏ.ਟੀ. ਕੇਂਦਰਾਂ ਦੇ ਸਟਾਫ਼ ਨੂੰ ਅੰਮ੍ਰਿਤਸਰ ਵਿਖੇ ਦਿੱਤੀ ਵਿਸ਼ੇਸ਼ ਟ੍ਰੇਨਿੰਗ
ਜ਼ਿਲ੍ਹੇ ਵਿੱਚ ਕਮਿਊਨਿਟੀ ਸਿਹਤ ਕੇਂਦਰ ਪੱਧਰ ‘ਤੇ ਕਮਿਊਨਿਟੀ ਸਿਹਤ ਕੇਂਦਰ, ਖਿਆਲਾ ਕਲਾਂ, ਭੀਖੀ, ਬਰੇਟਾ ਅਤੇ ਝੁਨੀਰ ਵਿਖੇ 4 ਹੋਰ ਓ.ਓ.ਏ.ਟੀ. ਕੇਂਦਰ ਖੋਲ੍ਹਣ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ ਵਿੱਚ ਤੈਨਾਤ ਕੀਤੇ ਜਾਣ ਵਾਲੇ ਸਟਾਫ਼ ਨੂੰ ਇਸੇ ਮਹੀਨੇ ਅੰਮ੍ਰਿਤਸਰ ਵਿਖੇ ਲੋੜੀਂਦੀ ਸਿਖਲਾਈ ਦਿੱਤੀ ਗਈ ਹੈ।
ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਡਰੱਗ ਡੀ-ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੁਸਾਇਟੀ ਮਾਨਸਾ ਦੀ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹਾਲ ਹੀ ਵਿੱਚ ਸੁਸਾਇਟੀ ਦੀ ਮੀਟਿੰਗ ਦੌਰਾਨ ਜ਼ਿਲ੍ਹੇ ‘ਚ ਬਣਨ ਵਾਲੇ ਇਨ੍ਹਾਂ ਨਵੇਂ ਕੇਂਦਰਾਂ ਲਈ ਜ਼ਰੂਰੀ ਪ੍ਰਵਾਨਗੀਆਂ ਦਿੱਤੀਆਂ ਸਨ। ਨਸ਼ਾ ਛੱਡਣ ਵਾਲੇ ਮਰੀਜ਼ ਦਾ ਰੋਜ਼ਾਨਾ ਦੇ ਆਧਾਰ ‘ਤੇ ਇਲਾਜ ਕਰਨ ਲਈ ਸਥਾਪਤ ਕੀਤੇ ਜਾਣ ਵਾਲੇ ਇਨ੍ਹਾਂ ਨਵੇਂ ਓ.ਓ.ਏ.ਟੀ. ਕੇਂਦਰਾਂ ਨਾਲ ਜ਼ਿਲ੍ਹੇ ‘ਚ ਕੇਂਦਰਾਂ ਦੀ ਗਿਣਤੀ ਸੱਤ ਹੋ ਜਾਵੇਗੀ।
ਇਲਾਜ ਕਰਾ ਰਹੇ ਨੌਜਵਾਨਾਂ ਲਈ ਨਵੀਂ ਸਵੇਰ
ਓ.ਓ.ਏ.ਟੀ. ਕੇਂਦਰਾਂ ਵਿੱਚ ਇਲਾਜ ਕਰਾਉਣ ਆ ਰਹੇ ਕੁੱਝ ਨੌਜਵਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਚੋਂ ਦਵਾਈ ਲੈਣ ਨਾਲ ਉਹ ਖ਼ੁਸ਼ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਸਵੇਰ ਆਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਹਿੰਗੇ ਨਸ਼ੇ ਕਰਕੇ ਜਿਥੇ ਉਹ ਆਪਣੇ ਪਰਿਵਾਰ ਲਈ ਬਦਨਾਮੀ ਖੱਟ ਰਹੇ ਸਨ ਅਤੇ ਖ਼ੁਦ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ, ਉਥੇ ਇਲਾਜ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਧੀਆ ਲੱਗਣ ਲੱਗੀ ਹੈ।
EDITED BY : SARA YAHA | | Last Updated : 7:10 pm 25 September 2018























