

ਮੁੰਬਈ: ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਬੁੱਧਵਾਰ ਨੂੰ ਰੁਪਿਆ 22 ਪੈਸੇ ਕਮਜ਼ੋਰ ਹੋ ਕੇ 72.91 ਦੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਮੰਗਲਵਾਰ ਨੂੰ ਵੀ ਰੁਪਿਆ 24 ਪੈਸੇ ਦੀ ਗਿਰਾਵਟ ਨਾਲ 72.69 ‘ਤੇ ਬੰਦ ਹੋਇਆ ਸੀ। ਕੱਚਾ ਤੇਲ ਮਹਿੰਗਾ ਹੋਣ ਤੇ ਸ਼ੇਅਰ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ਕਾਂ ਦੇ ਵਿਕ ਜਾਣ ਕਾਰਨ ਰੁਪਏ ‘ਤੇ ਦਬਾਅ ਬਣਿਆ ਹੋਇਆ ਹੈ।
ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਦਾ ਰੇਟ ਬੁੱਧਵਾਰ ਨੂੰ ਦੋ ਫ਼ੀਸਦ ਵਧ ਕੇ 79.34 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਸੀ। ਉੱਧਰ, ਅਮਰੀਕਾ-ਚੀਨ ਦਰਮਿਆਨ ਵਪਾਰ ਜੰਗ ਤੇਜ਼ ਹੋਣ ਦੇ ਆਸਾਰ ਹਨ। ਇਸ ਕਾਰਨ ਵੀ ਕਰੰਸੀ ‘ਤੇ ਦਬਾਅ ਬਣਿਆ ਹੋਇਆ ਹੈ।
ਰੁਪਏ ਵਿੱਚ ਗਿਰਾਵਟ ਦੇ ਪੰਜ ਅਸਰ-
1- ਤੇਲ ਕੰਪਨੀਆਂ ਨੂੰ ਦੋਹਰੀ ਮਾਰ ਪਵੇਗੀ। ਉਨ੍ਹਾਂ ਲਈ ਕੱਚੇ ਤੇਲ ਦੀ ਦਰਾਮਦ ਮਹਿੰਗੀ ਹੋ ਜਾਵੇਗੀ, ਜਿਸ ਨਾਲ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਣਗੇ।
2- ਵਿਦੇਸ਼ੀ ਕਰਜ਼ ਚੁਕਾਉਣ ਲਈ ਸਰਕਾਰ ਨੂੰ ਵੱਧ ਰਕਮ ਖ਼ਰਚ ਕਰਨੀ ਪਵੇਗੀ।
3- ਵਿਦੇਸ਼ਾਂ ਵਿੱਚ ਪੜ੍ਹਾਈ ਤੇ ਸੈਰ-ਸਪਾਟਾ ਮਹਿੰਗਾ ਹੋ ਜਾਵੇਗਾ, ਕਿਉਂਕਿ ਮੁਦਰਾ ਤਬਦੀਲੀ (ਕਰੰਸੀ ਐਕਸਚੇਂਜ) ਲਈ ਵਧੇਰੇ ਕੀਮਤ ਚੁਕਾਉਣੀ ਪਵੇਗੀ।
4- ਗਿਰਾਵਟ ਵਧਣ ‘ਤੇ ਆਰਬੀਆਈ ਵਿਆਜ਼ ਦਰਾਂ ਵਿੱਚ ਵਾਧਾ ਕਰ ਸਕਦਾ ਹੈ। ਅਕਤੂਬਰ ਵਿੱਚ ਕੇਂਦਰੀ ਰਿਜ਼ਰਵ ਬੈਂਕ ਮੁਦਰਾ ਨੀਤੀ ਦੀ ਸਮੀਖਿਆ ਕਰੇਗਾ।
5- ਆਈਟੀ ਤੇ ਫਾਰਮਾ ਕੰਪਨੀਆਂ ਨੂੰ ਰੁਪਏ ਦੀ ਗਿਰਾਵਟ ਨਾ ਲਾਭ ਹੋਵੇਗਾ। ਕਿਉਂਕਿ, ਇਨ੍ਹਾਂ ਦਾ ਜ਼ਿਆਦਾਤਰ ਕਾਰੋਬਾਰ ਬਰਾਮਦ ‘ਤੇ ਆਧਾਰਤ ਹੈ। ਇਸ ਸਾਲ ਆਈਟੀ ਤੇ ਫਾਰਮਾ ਕੰਪਨੀਆਂ ਦੇ ਸ਼ੇਅਰਾਂ ਵਿੱਚ ਇਸੇ ਕਾਰਨ ਤੇਜ਼ੀ ਆਈ ਹੈ।
ਡਾਲਰ ਦੇ ਮੁਕਾਬਲੇ ਇਸ ਸਾਲ ਦੁਨੀਆ ਭਰ ਦੀਆਂ ਕਰੰਸੀਆਂ ਵਿੱਚ ਗਿਰਾਵਟ ਆਈ ਹੈ। ਪਰ, ਏਸ਼ੀਆ ਵਿੱਚ ਭਾਰਤੀ ਰੁਪਏ ਦਾ ਪ੍ਰਦਰਸ਼ਨ ਸਭ ਤੋਂ ਖ਼ਰਾਬ ਹੋਇਆ ਸੀ। ਜਨਵਰੀ ਤੋਂ ਲੈ ਕੇ ਹੁਣ ਤਕ ਰੁਪਿਆ 14% ਤਕ ਡਿੱਗ ਚੁੱਕਾ ਹੈ।
EDITED BY : SARA YAHA | | Last Updated : 7:18 pm 12 September 2018























