*ਪੰਜਾਬ ਚ ਪੁਲਿਸ ਸਿਰਫ ਵਰਦੀ ਵਾਲੀ ਰਹਿ ਗਈ:ਰਾਜਾ ਵੜਿੰਗ*

0
85
ਮਾਨਸਾ, 29 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਣ ਤਾਂ ਪੰਜਾਬ ਵਿਚੋਂ ਗੈਂਗਸਟਰ ਇੱਕ ਮਹੀਨੇ ਵਿੱਚ ਖ਼ਤਮ ਹੋ ਸਕਦੇ ਹਨ, ਪਰ ਅਜਿਹਾ ਨਾ ਸਰਕਾਰ ਅਤੇ ਨਾ ਪੁਲੀਸ। ਉਹ ਪੈਸਟੀਸਾਈਡ ਦੁਕਾਨਦਾਰ ’ਤੇ ਗੋਲਬਾਰੀ ਕਰਨ ਦੇ ਰੋਸ ਵਜੋਂ ਮਾਨਸਾ ਬੰਦ ਦੌਰਾਨ ਧਰਨੇ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਵੱਧ ਰਹੇ ਗੈਂਗਸਟਰਵਾਦ, ਲੁੱਟਾਂ-ਖੋਹਾਂ,ਫ਼ਿਰੋਤੀਆਂ ਮੰਗਾਂ ਅਤੇ ਪੰਜਾਬ ਦੇ ਮਾੜੇ ਮਾਹੌਲ ਅਤੇ ਲਾਰੈਂਸ ਬਿਸ਼ਨੋਈ ਨੂੰ ਜੇਲ੍ਹਾਂ ਵਿੱਚ ਵੀ.ਆਈ.ਪੀ ਟਰੀਟਮੈਂਟ ਦੇਣ ’ਤੇ ਲੋਕ ਸਭਾ ਵਿੱਚ ਵੀ ਸਵਾਲ ਕੀਤਾ ਸੀ, ਪਰ ਸਰਕਾਰਾਂ ਇਸ ਪਾਸੇ ਗੌਰ ਨਹੀਂ ਕਰ ਰਹੀਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਕੋਈ ਗੈਂਗਸਟਰ ਜਾਂ ਗਲਤ ਅਨਸਰ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਤਾਂ ਪੁਲੀਸ ਉਸਦੇ ਸਾਰੇ ਪਰਿਵਾਰ, ਰਿਸ਼ਤੇਦਾਰਾਂ ਨੂੰ ਵੀ ਕਾਰਵਾਈ ਵਿੱਚ ਲਵੇ, ਜਦੋਂ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਆਪਣੀ ਕਰਤੂਤ ਦਾ ਪਰਿਵਾਰ ’ਤੇ ਕਾਰਵਾਈ ਹੋਣ ਦਾ ਸੇਕ ਲੱਗੇਗਾ ਤਾਂ ਉਹ ਗੋਡੇਦਮ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਲੀਸ ਸਿਰਫ਼ ਵਰਦੀ ਵਾਲੀ ਰਹਿ ਗਈ ਹੈ, ਭਗਵੰਤ ਮਾਨ ਸਰਕਾਰ ਦਾ ਮਾੜਾ ਹੈ ਤਾਂ ਕਰਕੇ ਪੁਲੀਸ ਦਾ ਵੀ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੀ ਕਾਨੂੰਨ ਵਿਵਸਥਾ, ਆਰਥਿਕਤਾ ਅਤੇ ਲੋਕਾਂ ਦੀ ਸੁਰੱਖਿਆ ’ਤੇ ਵੀ ਝਾੜੂ ਫੇਰ ਦਿੱਤਾ ਹੈ, ਜਿਸ ਕਰਕੇ ਪੁਲੀਸ ਸਿਰਫ਼ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਵਿੱਚ ਪਿਛਲੇ ਦਿਨਾਂ ਦੌਰਾਨ ਚਾਰ ਕਤਲ ਹੋ ਗਏ ਅਤੇ ਹੁਣ ਮਾਨਸਾ ’ਚ ਦੁਕਾਨਦਾਰ ’ਤੇ ਇਹ ਹਮਲਾ ਹੋਣਾ ਦੱਸਦਾ ਹੈ ਕਿ ਪੰਜਾਬ ਦਾ ਮਾਹੌਲ ਹੋਰ ਖ਼ਰਾਬ ਹੋਣ ਵਾਲਾ ਹੈ। ਉਨ੍ਹਾਂ ਮਾਨਸਾ ਹਮਲੇ ਦੀ ਨਿੰਦਾ ਕਰਦਿਆਂ ਇਸ ਸੰਘਰਸ਼ ਵਿੱਚ ਹਰ ਤਰ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਸਰਕਾਰ ਅਤੇ ਪੁਲੀਸ ’ਤੇ ਤਿੱਖੀਆਂ ਤਕਰੀਰਾਂ ਕਰਦਿਆਂ ਕਿਹਾ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਸਰਕਾਰਾਂ ਅਤੇ ਪੁਲੀਸ ਦੀ ਸਰਪ੍ਰਸਤੀ ਨਾਲ ਹੀ ਘਟਨਾਵਾਂ ਅਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲੀਸ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਜਿੱਥੇ ਕੈਦੀਆਂ-ਹਵਲਾਤੀਆਂ ਦੀਆਂ ਵਰਦੀਆਂ ਹੁੰਦੀਆਂ ਹਨ, ਉਥੇ ਇਹ ਗੈਂਗਸਟਰ ਪੁਲੀਸ ਦੀ ਸੁਰੱਖਿਆ ਹੇਠ ਮਹਿੰਗੇ ਲਿਵਾਸ ਪਾਕੇ ਪਹੁਣਿਆਂ ਵਾਂਗ ਪੇਸ਼ੀਆਂ ’ਤੇ ਆਉਂਦੇ ਹਨ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਹੁਣ ਸਕੂਲਾਂ ਵਿਚੋਂ ਗੈਂਗਸਟਰਵਾਦ ਉਭਰ ਰਿਹਾ ਹੈ ਅਤੇ ਬੱਚੇ ਅੱਜ ਇਸ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਅਸਲਾ ਪਹਿਲਾਂ ਕਦੇ ਯੂ.ਪੀ ਤੋਂ ਮਿਲਦਾ ਸੀ,ਉਹ ਅੱਜਕੱਲ੍ਹ ਲੁਧਿਆਣਾ ਵਰਗੇ ਸ਼ਹਿਰਾਂ ਵਿਚੋਂ ਵੀ ਉਪਲਬੱਧ ਹੋਣ ਲੱਗਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਪੁਲੀਸ ਤੋਂ ਝਾਕ ਛੱਡਕੇ ਆਪਣੀ ਸੁਰੱਖਿਆ ਆਪ ਕਰਨੀ ਪਵੇਗੀ ਅਤੇ ਜੇਕਰ ਇਹ ਨਾ ਕੀਤਾ ਤਾਂ ਇਸ ਦੁਕਾਨਦਾਰ ਵਾਂਗ ਕਿਸੇ ’ਤੇ ਕੋਈ ਵੀ ਹਮਲਾ, ਕਦੋਂ ਵੀ ਹੋ ਸਕਦਾ ਹੈ।
ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਦੁਕਾਨਦਾਰ ’ਤੇ ਹੋਏ ਹਮਲੇ ਲਈ ਪੁਲੀਸ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਲੋਕਾਂ ਨੂੰ ਧਰਨੇ,ਮੁਜਾਹਰੇ ਅਤੇ ਤਕਰੀਰਾਂ ਛੱਡਕੇ ਅੱਜ ਐਸਐਸਪੀ ਦਫ਼ਤਰ ਮਾਨਸਾ ਨੂੰ ਤਾਲਾ ਲਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮਾਨਸਾ ਨੂੰ ਅਜਿਹੇ ਪੁਲੀਸ ਅਧਿਕਾਰੀਆਂ ਦੀ ਲੋੜ ਨਹੀਂ, ਜੋ ਲੋਕਾਂ ਨੂੰ ਸੁਰੱਖਿਆ ਨਹੀਂ ਦੇ ਸਕੇ ਅਤੇ ਮਾਨਸਾ ਵਿੱਚ ਲੁੱਟਾਂ-ਖੋਹਾਂ,ਹਮਲੇ,ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here