

ਮਾਨਸਾ 29 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਪੈਸਟੀਸਾਈਡ ਦੁਕਾਨਦਾਰ ’ਤੇ ਗੋਲੀਆਂ ਚਲਾਉਣ ਦੇ ਰੋਸ ਵਜੋਂ ਬੁੱਧਵਾਰ ਨੂੰ ਵਪਾਰ ਮੰਡਲ ਦੇ ਸੱਦੇ ’ਤੇ ਮਾਨਸਾ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਸ਼ਹਿਰੀਆਂ ਨੇ ਪੰਜਾਬ ਸਰਕਾਰ ਅਤੇ ਪੁਲੀਸ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਲਕਸ਼ਮੀ ਨਰਾਇਣ ਮੰਦਰ ਨੇੜੇ ਧਰਨਾ ਦਿੱਤਾ ਅਤੇ ਤਿੱਖੀਆਂ ਤਕਰੀਰਾਂ ਕੀਤੀਆਂ। ਪੁਲੀਸ ਖਿਲਾਫ਼ ਲੋਕਾਂ ਦਾ ਰੋਹ ਭੜਕਿਆ, ਸ਼ਹਿਰੀਆਂ ਤੇ ਧਰਨਾਕਾਰੀਆਂ ਨੇ ਐਸਐਸਪੀ ਮਾਨਸਾ, ਐਸ.ਐਚ.ਓ ਥਾਣਾ ਸਿਟੀ-1 ਮਾਨਸਾ ਨੂੰ ਤੁਰੰਮਤ ਮੁਅੱਤਲ ਕਰਨ ਦੀ ਮੰਗ ਕੀਤੀ। 21 ਮੈਂਬਰੀ ਸੰਘਰਸ਼ ਕਮੇਟੀ ਨੇ ਸ਼ਨੀਵਾਰ ਨੂੰ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕਰਨਾ ਅਤੇ ਹਮਲੇ ਦੇ ਪਿੱਛੇ ਦੋਸ਼ੀਆਂ ਤੋਂ ਇਲਾਵਾ ਯੋਜਨਾ ਬਣਾਉਣ ਵਾਲਿਆਂ ਨੂੰ ਵੀ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਛੇਤੀ ਦੋਸ਼ੀਆਂ ਅਤੇ ਯੋਜਨਾ ਘੜਨ ਵਾਲਿਆਂ ਨੂੰ ਗਿ੍ਰਫ਼ਤਾਰ ਨਾ ਕੀਤਾ ਤਾਂ ਇਹ ਰੋਸ ਹੋਰ ਤਿੱਖਾ ਹੋਵੇਗਾ।3 ਨਵੰਬਰ ਨੂੰ ਐਸ ਐਸ ਪੀ ਦਫਤਰ ਮਾਨਸਾ ਦਾ ਘਿਰਾਓ ਕੀਤਾ ਜਾਵੇਗਾ।ਸ਼ਹਿਰ ਦੀਆਂ ਦੁਕਾਨਾਂ, ਬਜ਼ਾਰ, ਰੇਹੜੀਆਂ,ਸਟਾਲਾਂ ਬੰਦ ਰਹੀਆਂ ਅਤੇ ਬਜ਼ਾਰ ਸੁੰਨ ਰਹੇ।
ਧਰਨੇ ਵਿੱਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਨਤਨਮ ਧਰਮ ਸਭਾ ਦੇ ਪ੍ਰਧਾਨ ਸੁਮੀਰ ਛਾਬੜਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬਲਕੌਰ ਸਿੰਘ ਮੂਸੇਵਾਲਾ, ਸਾਬਕਾ ਵਿਧਾਇਕ ਹਰਦੇਵ ਸਿੰਘ ਹਰਸ਼ੀ ਨੇ ਪੁਲੀਸ ਦੇ ਖਿਲਾਫ਼ ਤਿੱਖੀਆਂ ਤਕਰੀਰਾਂ ਕਰਦਿਆਂ ਕਿਹਾ ਕਿ ਮਾਨਸਾ ਦਾ ਪੁਲੀਸ ਪ੍ਰਸ਼ਾਸਨ ਪੁਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਗਲਤ ਅਨਸਰਾਂ ਸ਼ਰੇਆਮ ਘਟਨਾ ਨੂੰ ਅੰਜਾਮ ਦਿੱਤਾ ਅਤੇ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ,ਕਾਰੋਬਾਰੀਆਂ ਦੇ ਮਨਾਂ ਅੰਦਰ ਇਸ ਘਟਨਾ ਨੇ ਹੋਰ ਡਰ ਬਿਠਾ ਦਿੱਤਾ ਹੈ, ਜਿਸ ਕਰਕੇ ਲੋਕ ਸਹਿਮ ਹੋਏ ਹਨ।
ਇਸੇ ਦੌਰਾਨ 21 ਮੈਂਬਰੀ ਸੰਘਰਸ਼ ਕਮੇਟੀ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ,ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਐਸਐਸਪੀ ਮਾਨਸਾ, ਥਾਣਾ ਸਿਟੀ-1 ਮਾਨਸਾ ਦੇ ਮੁਖੀ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪੁਲੀਸ ਨੇ ਇਸ ’ਤੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਚੁੱਪ ਕਰਕੇ ਨਹੀਂ ਬੈਠਣਗੇ, ਸਗੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸਐਸਪੀ ਮਾਨਸਾ ਅਤੇ ਥਾਣਾ ਮੁਖੀ ਨਾਲ ਕੋਈ ਵੀ ਤਾਲਮੇਲ ਨਹੀਂ ਰੱਖਿਆ ਜਾਵੇਗਾ ਅਤੇ ਸ਼ਨੀਵਾਰ ਨੂੰ ਬਾਰਾਂ ਹੱਟਾਂ ਚੌਂਕ ਵਿਖੇ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਹੋਵੇਗਾ। ਉਨ੍ਹਾਂ ਪੈਸਟੀਸਾਈਡ ਦੁਕਾਨਦਾਰ ’ਤੇ ਜੋ ਗੋਲੀਬਾਰੀ ਕੀਤੀ ਗਈ ਹੈ, ਉਹ ਇਕੱਲੇ ਘਟਨਾ ਨੂੰ ਅੰਜਾਮ ਦੇਣ ਵਾਲੇ ਹੀ ਜਿੰਮੇਵਾਰ ਨਹੀਂ, ਸਗੋਂ ਇਸਦੇ ਪਿੱਛੇ ਵੀ ਕਿਸੇ ਦੀ ਯੋਜਨਾ ਹੈ ਅਤੇ ਪੁਲੀਸ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ’ਤੇ ਵੀ ਕਾਰਵਾਈ ਕਰੇ।
ਇਸੇ ਦੌਰਾਨ ਬਾਰ ਐਸੋਸੀਏਸ਼ਨ ਮਾਨਸਾ ਨੇ ਵੀ ਆਪਣੀ ਅਦਾਲਤੀ ਕੰਮ-ਕਾਜ ਠੱਪ ਕਰਕੇ ਇਸ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ। ਇਸ ਘਟਨਾ ਦੌਰਾਨ ਗ੍ਰੰਥੀ ਜੁਗਰਾਜ ਸਿੰਘ ਦਾ ਭੱਜਦੇ ਹਮਲਾਵਰਾਂ ਨਾਲ ਫੜ੍ਹਨ ਦੀ ਕੋਸ਼ਿਸ ਕਰਨ ਲਈ ਵਿਸ਼ੇਸ ਸਨਮਾਨ ਕੀਤਾ ਗਿਆ।
ਇਸ ਮੌਕੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਬਿਕਰਮ ਸਿੰਘ ਮੋਫ਼ਰ,ਅਰਦਸ਼ੀਪ ਸਿੰਘ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ,ਰਾਜਵਿੰਦਰ ਰਾਣਾ,ਡਾ. ਜਨਕ ਰਾਜ ਸਿੰਗਲਾ,ਜਤਿੰਦਰ ਕੌਰ,ਚਮਕੌਰ ਸਿੰਘ,ਜਤਿੰਦਰ ਆਗਰਾ,ਹਰਿੰਦਰ ਮਾਨਸ਼ਾਹੀਆ, ਮਨਦੀਪ ਗੋਰਾ, ਸੁਰੇਸ਼ ਨੰਦਗੜ੍ਹੀਆ,ਬਿੱਕਰ ਮਘਾਣੀਆਂ, ਮਨਿਕ ਗੋਇਲ, ਸਤੀਸ਼ ਨੀਟੂ, ਬਲਜੀਤ ਸ਼ਰਮਾਂ, ਕ੍ਰਿਸ਼ਨ ਚੌਹਾਨ, ਸਦਿਉੜਾ, ਬਿੰਦਰਪਾਲ ਗਰਗ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਮੌਜੂਦ ਸਨ।























