

ਮਾਨਸਾ, 29 ਅਕਤੂਬਰ: (ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ਼੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਅੰਦਰ ਸ਼ਾਮ 06 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿਚ ਜ਼ਿਲ੍ਹਾ ਮਾਨਸਾ ਅੰਦਰ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਈਨ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਾਰਵੈਸਟਰ ਕੰਬਾਈਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੀ ਖੇਤੀਬਾੜੀ ਵਿਭਾਗ ਰਾਹੀਂ ਅਪਰੇਸ਼ਨ ਵਰਦੀਨੈਸ ਬਾਰੇ ਇੰਸਪੈਕਸ਼ਨ ਕਰਵਾਈ ਜਾਵੇ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸੁਪਰ ਸਟਰਾਅ ਸਿਸਟਮ (ਐੱਸ.ਐਮ.ਐੱਸ.) ਹਾਰਵੈਸਟਰ ਕੰਬਾਈਨਾਂ ਵਿਚ ਫਿੱਟ ਕਰਨਾ ਯਕੀਨੀ ਬਣਾਇਆ ਜਾਵੇ, ਕੋਈ ਵੀ ਹਾਰਵੈਸਟਰ ਕੰਬਾਈਨ ਸੁਪਰ ਐੱਸ.ਐਮ.ਐੱਸ ਲਗਾਏ ਬਗੈਰ ਨਾ ਵਰਤੀ ਜਾਵੇ।
ਹੁਕਮ ਵਿਚ ਕਿਹਾ ਗਿਆ ਹੈ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਇਹ ਆਮ ਤੌਰ ‘ਤੇ ਵੇਖਣ ਵਿਚ ਆਇਆ ਹੈ ਕਿ ਝੋਨੇ ਦੀ ਕਟਾਈ ਲਈ ਕਈ ਕੰਬਾਈਨਾਂ 24 ਘੰਟੇ ਚਲਦੀਆਂ ਰਹਿੰਦੀਆਂ ਹਨ। ਰਾਤ ਸਮੇਂ ਕੰਬਾਈਨਾਂ ਚੱਲਣ ਨਾਲ ਜਾਨੀ ਮਾਲੀ ਨੁਕਸਾਨ ਹੋਣ ਅਤੇ ਦੁਰਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਕੰਬਾਈਨਾਂ ਰਾਤ ਵੇਲੇ ਹਰਾ ਝੋਨਾ, ਜੋ ਕਿ ਚੰਗੀ ਤਰ੍ਹਾਂ ਪੱਕਿਆ ਨਹੀਂ ਹੁੰਦਾ, ਕੱਚਾ ਦਾਣਾ ਹੀ ਕੱਟ ਦਿੰਦੀਆਂ ਹਨ, ਜਿਸ ਕਾਰਨ ਹਰਾ ਕੱਟਿਆ ਹੋਇਆ ਝੋਨਾ ਸੁੱਕਣ ‘ਤੇ ਕਾਲਾ ਪੈ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਈਨਾਂ ਵੀ ਕਟਾਈ ਕਰਦੀਆਂ ਹਨ, ਜਿਸ ਨਾਲ ਝੋਨੇ ਦੀ ਕੁਆਲਿਟੀ ‘ਤੇ ਵੀ ਅਸਰ ਪੈਂਦਾ ਹੈ, ਜਿਸ ਕਰਕੇ ਖਰੀਦ ਏਜੰਸੀਆਂ ਝੋਨਾ ਖਰੀਦ ਕਰਨ ਤੋਂ ਝਿਜਕਦੀਆਂ ਹਨ। ਇਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਇਸ ਦਾ ਅਸਰ ਦੇਸ਼ ਦੇ ਉਤਪਾਦਨ ‘ਤੇ ਵੀ ਪੈਂਦਾ ਹੈ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵੀ ਭੰਗ ਹੋ ਸਕਦੀ ਹੈ।
ਇਹ ਹੁਕਮ 30 ਨਵੰਬਰ, 2025 ਤੱਕ ਲਾਗੂ ਰਹੇਗਾ।























