

New Chandigarh(ਸਾਰਾ ਯਹਾਂ) : ਨਿਊ ਚੰਡੀਗੜ੍ਹ ਦੇ ਹੁਸ਼ਿਆਰਪੁਰ ਪਿੰਡ ਵਿੱਚ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਇੱਕ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਅਤੇ ਆਸ -ਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਮਿਲਣ ‘ਤੇ ਮੋਹਾਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਫੋਰੈਂਸਿਕ ਟੀਮਾਂ ਅਤੇ ਸੀਆਈਏਦੇ ਜਵਾਨ ਜਾਂਚ ਲਈ ਪਹੁੰਚ ਗਏ।
ਮੌਕੇ ‘ਤੇ ਪਹੁੰਚੀਆਂ ਜਾਂਚ ਟੀਮਾਂ
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਆਈਏ (ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ) ਅਤੇ ਸਟੇਟ ਫੋਰੈਂਸਿਕ ਲੈਬ ਦੀਆਂ ਟੀਮਾਂ ਘਟਨਾ ਸਥਾਨ ‘ਤੇ ਪਹੁੰਚ ਗਈਆਂ ਹਨ ਅਤੇ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਘਟਨਾ ਸਥਾਨ ਤੋਂ 32-ਬੋਰ ਦੇ ਲਗਭਗ 6 ਖਾਲੀ ਖੋਲ ਬਰਾਮਦ ਕੀਤੇ ਹਨ। ਪੁਲਿਸ ਪਿੰਡ ਦੇ ਪ੍ਰਵੇਸ਼ ਸਥਾਨਾਂ ਅਤੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਘਟਨਾ ਸਮੇਂ ਐਕਟਿਵ ਮੋਬਾਈਲ ਟਾਵਰਾਂ ਤੋਂ ਡੰਪ ਡੇਟਾ ਵੀ ਕੱਢ ਰਹੀ ਹੈ।
ਵਿਦੇਸ਼ੀ ਨੰਬਰ ਤੋਂ ਫਿਰੌਤੀ ਲਈ ਆਈ ਸੀ ਕਾਲ
ਕੁਝ ਦਿਨ ਪਹਿਲਾਂ ਪ੍ਰਾਪਰਟੀ ਡੀਲਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਇੱਕ ਜਾਣੇ-ਪਛਾਣੇ ਗੈਂਗਸਟਰ ਦਾ ਧਮਕੀ ਭਰਿਆ ਕਾਲ ਆਇਆ ਸੀ। ਫੋਨ ‘ਤੇ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਆਸ਼ੰਕਾ ਜਤਾਈ ਜਾ ਰਹੀ ਹੈ ਕਿ ਫਿਰੌਤੀ ਨਾ ਦੇਣ ਜਾਂ ਪੁਲਿਸ ਨੂੰ ਸੂਚਿਤ ਦੇਣ ਦੇ ਚੱਲਦੇ ਹੀ ਡਰਾਉਣ ਦੇ ਮਕਸਦ ਨਾਲ ਇਹ ਫਾਇਰਿੰਗ ਕੀਤੀ ਗਈ ਹੈ। ਪੁਲਿਸ ਹੁਣ ਕਾਲ ਦੀ ਲੋਕੇਸ਼ਨ ਅਤੇ ਵੌਇਸ ਸੈਂਪਲ ਦੀ ਜਾਂਚ ਕਰ ਰਹੀ ਹੈ।
ਇੱਕ ਦਿਨ ਪਹਿਲਾਂ ਚੰਡੀਗੜ੍ਹ ‘ਚ BJP ਦਫ਼ਤਰ ਦੇ ਬਾਹਰ ਹੋਇਆ ਬਲਾਸਟ
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਤੇ ਨਿਊ ਚੰਡੀਗੜ੍ਹ ਵਿੱਚ ਹੋਈਆਂ ਦੋ ਵੱਡੀਆਂ ਵਾਰਦਾਤਾਂ ਹੋਈਆਂ ਹਨ। ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਸ਼ਹਿਰ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਗ੍ਰੇਨਡ ਧਮਾਕਾ ਹੋਇਆ ਸੀ, ਜਿਸ ਘਟਨਾ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ ਸੀ। ਇਹ ਘਟਨਾ ਕਰੀਬ 5:15 ਵਜੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦਫ਼ਤਰ ਬਾਹਰ ਖੜ੍ਹੀ ਐਕਟਿਵਾ ਵਿੱਚ ਧਮਾਕਾ ਹੋਇਆ ਹੈ। ਇਸ ਦੌਰਾਨ ਦਫ਼ਤਰ ਬਾਹਰ ਖੜੇ ਵਾਹਨਾਂ ਨੂੰ ਨੁੁਕਸਾਨ ਪਹੁੰਚਿਆ ਹੈ।























