

Raghav Chadha VS Ashok Mittal(ਸਾਰਾ ਯਹਾਂ) : ਆਮ ਆਦਮੀ ਪਾਰਟੀ ਨੇ ਰਾਜ ਸਭਾ ਵਿੱਚ ਆਪਣੀ ਲੀਡਰਸ਼ਿਪ ਵਿੱਚ ਵੱਡਾ ਬਦਲਾਅ ਕੀਤਾ ਹੈ। ਪਾਰਟੀ ਨੇ ਰਾਜ ਸਭਾ ਦੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਸੰਸਦ ਦੇ ਉਪਰਲੇ ਸਦਨ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਜਲੰਧਰ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਡਿਪਟੀ ਲੀਡਰ ਬਣਨਗੇ।
ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਰਾਘਵ ਚੱਢਾ ਨੂੰ ‘ਆਪ’ ਦੇ ਕੋਟੇ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ। ਪਾਰਟੀ ਨੇ ਰਾਘਵ ਚੱਢਾ ਦੀ ਜਗ੍ਹਾ ਹੁਣ ਅਸ਼ੋਕ ਮਿੱਤਲ ਨੂੰ ਡਿਪਟੀ ਸਪੀਕਰ ਨਿਯੁਕਤ ਕਰਨ ਦੀ ਬੇਨਤੀ ਕੀਤੀ ਗਈ ਹੈ। ਇਹ ਕਦਮ ਪਾਰਟੀ ਦੇ ਅੰਦਰ ਚੱਲ ਰਹੀਆਂ ਨਵੀਆਂ ਰਣਨੀਤਕ ਹਲਚਲਾਂ ਵੱਲ ਇਸ਼ਾਰਾ ਕਰਦਾ ਹੈ।
ਰਾਘਵ ਚੱਢਾ ਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਕੁਝ ਮਤਭੇਦਾਂ ਜਾਂ ਦੂਰੀਆਂ ਬਾਰੇ ਖ਼ਬਰਾਂ ਤੇ ਅਟਕਲਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ। ‘ਆਪ’ ਦਾ ਇਹ ਕਦਮ ਇਨ੍ਹਾਂ ਚੱਲ ਰਹੇ ਮਤਭੇਦਾਂ ‘ਤੇ ਮੋਹਰ ਲਗਾਉਂਦਾ ਦਿਖਾਈ ਦੇ ਰਿਹਾ। ਹਾਲਾਂਕਿ, ਪਾਰਟੀ ਵੱਲੋਂ ਕਿਸੇ ਵਿਵਾਦ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਰਾਘਵ ਚੱਢਾ ਨੂੰ ਅਹੁਦੇ ਤੋਂ ਕਿਉਂ ਹਟਾਇਆ ਗਿਆ ?
ਰਾਘਵ ਚੱਢਾ ਨੂੰ ਲੈ ਕੇ ਪਾਰਟੀ ਨੇ ਨਾ ਸਿਰਫ਼ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਬਲਕਿ ਸਕੱਤਰੇਤ ਨੂੰ ਵੀ ਹਦਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਕਿਸੇ ਸੀਨੀਅਰ ਸੰਸਦ ਮੈਂਬਰ ਵਿਰੁੱਧ ਅਜਿਹਾ ਨਿਰਦੇਸ਼ ਆਮ ਤੌਰ ‘ਤੇ ਪਾਰਟੀ ਦੇ ਅੰਦਰੂਨੀ ਕਲੇਸ਼ ਜਾਂ ਵੱਡੀ ਸਜ਼ਾ ਵਾਲੀ ਕਾਰਵਾਈ ਦਾ ਸੰਕੇਤ ਮੰਨਿਆ ਜਾਂਦਾ ਹੈ। ਰਾਘਵ ਚੱਢਾ ਲੰਬੇ ਸਮੇਂ ਤੋਂ ਰਾਜ ਸਭਾ ਵਿੱਚ ‘ਆਪ’ ਦੀ ਇੱਕ ਪ੍ਰਮੁੱਖ ਆਵਾਜ਼ ਰਹੇ ਹਨ ਅਤੇ ਇਸ ਫੈਸਲੇ ਨੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।
ਕੌਣ ਹਨ ਅਸ਼ੋਕ ਮਿੱਤਲ ?
ਅਸ਼ੋਕ ਮਿੱਤਲ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਨ। ਉਹ ਅਪ੍ਰੈਲ 2022 ਵਿੱਚ ਰਾਜ ਸਭਾ ਲਈ ਚੁਣੇ ਗਏ ਸਨ। ਉਦੋਂ ਤੋਂ ਉਨ੍ਹਾਂ ਨੇ ਰੱਖਿਆ ਕਮੇਟੀ ਅਤੇ ਵਿੱਤ ਕਮੇਟੀ ਸਮੇਤ ਕਈ ਸੰਸਦੀ ਕਮੇਟੀਆਂ ਵਿੱਚ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਫਰਵਰੀ 2026 ਵਿੱਚ ਭਾਰਤ-ਅਮਰੀਕਾ ਸੰਸਦੀ ਦੋਸਤੀ ਸਮੂਹ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਸੀ। ਅਸ਼ੋਕ ਮਿੱਤਲ ਆਪਰੇਸ਼ਨ ਸਿੰਦੂਰ ਤੋਂ ਬਾਅਦ ਡੀਐਮਕੇ ਸੰਸਦ ਮੈਂਬਰ ਕਨੀਮੋਝੀ ਦੀ ਅਗਵਾਈ ਵਿੱਚ ਰੂਸ, ਲਾਤਵੀਆ, ਸਲੋਵੇਨੀਆ, ਗ੍ਰੀਸ ਅਤੇ ਸਪੇਨ ਗਏ ਸਰਬ-ਪਾਰਟੀ ਵਫ਼ਦ ਦਾ ਵੀ ਹਿੱਸਾ ਸਨ।























