

ਮਾਨਸਾ, 3 ਅਪਰੈਲ (ਸਾਰਾ ਯਹਾਂ/ਜਗਤਾਰ ਧੰਜਲ) ਸਰਕਾਰੀ ਹਾਈ ਸਕੂਲ ਤਾਮਕੋਟ ਦੇ ਬਰਾਂਡਿਆਂ ਵਿੱਚੋਂ ਇੱਕ ਨੌਜਵਾਨ ਮਜ਼ਦੂਰ ਦੀ ਲਾਸ਼ ਮਿਲੀ ਹੈ। ਉਸਦੇ ਮੌਤ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਮਿ੍ਰਤਕ ਦੇ ਪਰਿਵਾਰ ਨੇ ਉਸਦੇ ਕਤਲ ਦੀ ਸ਼ੰਕਾ ਜ਼ਾਹਿਰ ਕੀਤੀ ਹੈ। ਠੂਠਿਆਂਵਾਲੀ ਪੁਲੀਸ ਚੌਂਕੀ ਨੇ ਲਾਸ਼ ਬਰਾਮਦਗੀ ਤੋਂ ਬਾਅਦ ਇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮਿਲੇ ਵੇਰਵਿਆਂ ਅਨੁਸਾਰ ਪਿੰਡ ਤਾਮਕੋਟ ਦਾ ਪੱਲੇਦਾਰ ਮਜ਼ਦੂਰ ਅੰਮ੍ਰਿਤਪਾਲ ਸਿੰਘ (25) ਪੁੱਤਰ ਜਰਨੈਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਵਾਲੇ ਸਾਥੀਆਂ ਨਾਲ ਬੀਤੀ ਕੱਲ੍ਹ ਘਰੋਂ ਗਿਆ, ਪਰ ਰਾਤੀ ਘਰ ਨਾ ਪਰਤਿਆ। ਮਿ੍ਰਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਅਕਸਰ ਕੰਮ ’ਤੇ ਕਈ-ਕਈ ਰਾਤਾਂ ਬਾਹਰ ਰਹਿ ਲੈਂਦਾ ਸੀ। ਸ਼ੁੱਕਰਵਾਰ ਦੀ ਸਵੇਰ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਬਰਾਂਡਿਆਂ ਵਿੱਚ ਕਿਸੇ ਨੌਜਵਾਨ ਦੀ ਲਾਸ਼ ਪਈ ਹੋਣ ਦਾ ਰੋਲਾ ਪਿਆ ਤਾਂ ਉਨ੍ਹਾਂ ਦੇਖਿਆ ਕਿ ਮਿ੍ਰਤਕ ਨੌਜਵਾਨ ਉਨ੍ਹਾਂ ਦਾ ਪੁੱਤਰ ਸੀ।
ਮਿ੍ਰਤਕ ਦੇ ਭਰਾ ਰਾਜ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੁੱਝ ਵਿਅਕਤੀਆਂ ’ਤੇ ਸ਼ੱਕ ਹੈ। ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਲਈ। ਰਾਜ ਸਿੰਘ ਨੇ ਦੱਸਿਆ ਕਿ ਇੰਝ ਜਾਪਦਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਬਾਹਰੋਂ ਕਤਲ ਕਰਕੇ ਉਸਦੀ ਲਾਸ਼ ਲਿਆਕੇ ਸਕੂਲ ਵਿੱਚ ਰੱਖ ਦਿੱਤੀ ਗਈ ਹੋਵੇ। ਉਨ੍ਹਾਂ ਪੁਲੀਸ ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਮਾਮਲਾ ਕਤਲ ਦਾ ਹੈ।
ਪੁਲੀਸ ਚੌਂਕੀ ਠੂਠਿਆਂਵਾਲੀ ਦੇ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ ਅਤੇ ਸਾਰੇ ਪਹਿਲੂਆਂ ਤੋਂ ਇਸ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






















