*ਸ਼ਹਿਰ ਦੀ ਕਚਹਿਰੀ ਰੋਡ ਦੀ ਸੜਕ ਦੇ ਨਿਰਮਾਣ ਵਿੱਚ ਘਟੀਆ ਮਟਰੀਅਲ ਵਰਤਣ ਅਤੇ ਦੋ ਮਹੀਨਿਆਂ ਵਿੱਚ ਸੜਕ ਟੁੱਟ ਜਾਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ*

0
231

ਮਾਨਸਾ, 3 ਅਪਰੈਲ (ਸਾਰਾ ਯਹਾਂ) : ਸ਼ਹਿਰ ਦੀ ਕਚਹਿਰੀ ਰੋਡ ਦੀ ਸੜਕ ਦੇ ਨਿਰਮਾਣ ਵਿੱਚ ਘਟੀਆ ਮਟਰੀਅਲ ਵਰਤਣ ਅਤੇ ਦੋ ਮਹੀਨਿਆਂ ਵਿੱਚ ਸੜਕ ਟੁੱਟ ਜਾਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨੋਟਿਸ ਲਿਆ ਹੈ। ਵਕੀਲ ਗੁਰਲਾਭ ਸਿੰਘ ਮਾਹਲ ਦੀ ਸ਼ਿਕਾਇਤ ਤੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਹੋ ਗਏ ਤੇ ਉਨ੍ਹਾਂ ਵਿਜੀਲੈਂਸ ਤੋ ਕੁਝ ਦਿਨ ਚ ਹੀ ਇਸਦੀ ਰਿਪੋਰਟ ਮੰਗੀ ਹੈ। ਮੁੱਖਮੰਤਰੀ ਦੇ ਦਰਬਾਰ ਪਹੁੰਚ ਗਿਆ ਹੈ। ਇਸ ਨੂੰ ਲੈ ਕੇ ਨਗਨ ਕੌਂਸਲ ਤੇ ਪ੍ਰਸ਼ਾਸਨ ਅਧਿਕਾਰੀਆਂ ਦੀਆਂ ਵੀ ਭਾਜੜਾਂ ਪੈ ਗਈਆਂ ਹਨ। ਗੁਰਲਾਭ ਸਿੰਘ ਮਾਹਲ ਖੁਦ ਨਮੂਨੇ ਵਾਲੀ ਟੀਮ ਨਾਲ ਪਟਿਆਲਾ ਲੈਬ ਗਏ ਹਨ। ਉਨ੍ਹਾਂ ਵਲੋਂ ਇਹ ਮਾਮਲਾ ਉਜਾਗਰ ਕੀਤਾ ਗਿਆ ਸੀ।ਮੰਡੀਕਰਨ ਬੋਰਡ ਦੀ ਟੀਮ ਨੇ ਇਸ ਸੜਕ ਵਿੱਚ ਵਰਤੇ ਮਟਰੀਅਲ ਦੇ ਨਮੂਨੇ ਭਰੇ ਅਤੇ ਉਸ ਨੂੰ ਜਾਂਚ ਲਈ ਪਟਿਆਲਾ ਭੇਜ ਦਿੱਤਾ। ਛੇਤੀ ਹੀ ਇਸਦੀ ਰਿਪੋਰਟ ਆਉਣ ਦੀ ਉਮੀਦ ਹੈ।
ਮਾੜੀ ਸੜਕ ਬਣਾਉਣ ਅਤੇ ਇਸ ਵਿੱਚ ਗਬਨ ਦੀ ਸ਼ੰਕਾ ਸਬੰਧੀ ਵਕੀਲ ਗੁਰਲਾਭ ਸਿੰਘ ਮਾਹਲ ਨੇ ਵਿਜੀਲੈਂਸ ਨੂੰ ਲਿਖਿਆ ਹੈ ਕਿ ਇਸ ਸੜਕ ਦੀ ਜਾਂਚ ਹੋਣੀ ਚਾਹੀਦੀ ਹੈ,ਜਿਸ ਵਿਚ ਗਬਨ ਹੋਣ ਦੀ ਸ਼ੰਕਾ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੀ ਸੜਕ ਦਾ ਮੁਆਇਨਾ ਕਰਨ ਤੋਂ ਬਾਅਦ ਇਸ ਦੀ ਇੱਕ ਜਾਂਚ ਕਮੇਟੀ ਦਾ ਗਠਨ ਕਰ ਚੁੱਕੇ ਹਨ।ਸ਼ਿਕਾਇਤ ਕਰਤਾ ਅਤੇ ਸ਼ਹਿਰੀਆਂ ਗਠਿਤ ਕੀਤੀ ਜਾਂਚ ਕਮੇਟੀ ਵਿੱਚ ਨਗਰ ਕੌਸਲ ਦੇ ਅਧਿਕਾਰੀ/ਕਰਮਚਾਰੀਆਂ ਨੂੰ ਨਾ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ।
ਸ਼ਹਿਰੀ ਦੀ ਵੀਆਈਪੀ ਕਚਹਿਰੀ ਰੋਡ ਕਰੀਬ ਦੋ ਮਹੀਨੇ ਪਹਿਲਾਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ 700 ਫੁੱਟ ਬਣੀ ਸੀ, ਦੋ ਮਹੀਨਿਆਂ ਬਾਅਦ ਹੀ ਸੜਕ ਵਿਚੋਂ ਬਜ਼ਰੀ,ਬਰੇਤੀ ਨਿਕਲ ਲੱਗੀ।


ਐਡਵੋਕੇਟ ਗੁਰਲਾਭ ਸਿੰੰਘ ਮਾਹਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮਾਨਕ ਗੋਇਲ, ਹਰਿੰਦਰ ਸਿੰਘ ਅੰਕੁਸ਼ ਜਿੰਦਲ , ਕਿਸਾਨ ਆਗੂ ਰੁਲਦੂ ਸਿੰਘ,ਧੰਨਾ ਮੱਲ ਗੋਇਲ ਕ੍ਰਿਸ਼ਨ ਚੌਹਾਨ ਕੇਸਰ ਸਿੰਘ ਗੋਰਾ ਸਿੰਘ ਥਿੰਦ ਕਾਕਾ ਸਿੰਘ ਮਠਾੜੂ ਆਦਿ ਨੇ ਇਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਇਸ ਸੜਕ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਅਤੇ ਬਾਅਦ ਵਿੱਚ ਸੜਕ ’ਤੇ ਕੁੱਝ ਥਾਵਾਂ ’ਤੇ ਉਸਦੀ ਮੁਰੰਮਤ ਵੀ ਕੀਤੀ ਗਈ।
ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਮਾਮਲਾ ਪੁੱਜਣ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਸ਼ਹਿਰੀਆਂ ਵਿਜੀਲੈਂਸ ਕੋਲ ਵੀ ਇਸ ਦੀ ਲਿਖਤੀ ਸ਼ਿਕਾਇਤ ਭੇਜੀ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਤੋਂ ਦੋ ਦਿਨਾਂ ਅੰਦਰ ਰਿਪੋਰਟ ਮੰਗੀ ਹੈ ਅਤੇ ਨਮੂਨੇ ਲੈਣ ਵਾਲੀ ਟੀਮ ਨਮੂਨੇ ਲੈਕੇ ਪਟਿਆਲਾ ਲੈਬ ਵਿੱਚ ਪੁੱਜ ਗਈ ਹੈ। ਵਕੀਲ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨੋਟਿਸ ਤੋਂ ਬਾਅਦ ਨਮੂਨਿਆਂ ਦੀ ਛੇਤੀ ਰਿਪੋਰਟ ਲੈਣ ਲਈ ਪਟਿਆਲਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸ਼ਹਿਰ ਦੀ 21 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਸ਼ਹਿਰ ਵਿੱਚ ਬਣ ਰਹੀਆਂ ਅਤੇ ਬਣ ਚੁੱਕੀਆਂ ਸੜਕਾਂ ਵਿੱਚ ਵਰਤੇ ਮਟਰੀਅਲ ਅਤੇ ਕਥਿਤ ਗਬਨ ਦੇ ਚੱਲਦੇ ਉਨ੍ਹਾਂ ਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਬਾਕੀ ਸੜਕਾਂ ਦੀ ਵੀ ਜਾਂਚ-ਪੜਤਾਲ ਅਤੇ ਵਰਤੇ ਮਟਰੀਅਲ ਦੀ ਘੋਖ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here