

ਮਾਨਸਾ, 3 ਅਪਰੈਲ (ਸਾਰਾ ਯਹਾਂ/ਜਗਤਾਰ ਧੰਜਲ) : ਸ਼ਹਿਰ ਦੀ ਵੀਆਈਪੀ ਕਚਹਿਰੀ ਰੋਡ ਦੀ ਸੜਕ ਦੇ ਨਿਰਮਾਣ ਵਿੱਚ ਘਟੀਆ ਮਟਰੀਅਲ ਵਰਤਣ ਅਤੇ ਦੋ ਮਹੀਨਿਆਂ ਵਿੱਚ ਸੜਕ ਟੁੱਟ ਜਾਣ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਪਹੁੰਚ ਗਿਆ ਹੈ। ਮੁੱਖ ਮੰਤਰੀ ਨੇ ਵਿਜੀਲੈਂਸ ਵਿਭਾਗ ਤੋਂ ਦੋ ਦਿਨਾਂ ਵਿੱਚ ਇਸ ਦੀ ਰਿਪੋਰਟ ਮੰਗੀ ਹੈ।ਸੁੱਕਰਵਾਰ ਨੂੰ ਮੰਡੀਕਰਨ ਬੋਰਡ ਦੇ ਐਸ.ਸੀ ਵਿਪਨ ਖੰਨਾ ਅਤੇ ਉਨ੍ਹਾਂ ਦੀ ਟੀਮ ਨੇ ਇਸ ਸੜਕ ਵਿੱਚ ਵਰਤੇ ਮਟਰੀਅਲ ਦੇ ਨਮੂਨੇ ਭਰੇ ਅਤੇ ਉਸ ਨੂੰ ਜਾਂਚ ਲਈ ਪਟਿਆਲਾ ਭੇਜ ਦਿੱਤਾ। ਸੋਮਵਾਰ ਨੂੰ ਇਸ ਦੇ ਨਮੂਨੇ ਆਉਣ ਦੀ ਉਮੀਦ ਹੈ/
ਮਾੜੀ ਸੜਕ ਬਣਾਉਣ ਅਤੇ ਇਸ ਵਿੱਚ ਗਬਨ ਦੀ ਸ਼ੰਕਾ ਸਬੰਧੀ ਵਕੀਲ ਗੁਰਲਾਭ ਸਿੰਘ ਮਾਹਲ ਨੇ ਵਿਜੀਲੈਂਸ ਨੂੰ ਇਸਦੀ ਸ਼ਿਕਾਇਤ ਕੀਤੀ ਸੀ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਵੀ ਸੜਕ ਦਾ ਮੁਆਇਨਾ ਕਰਨ ਤੋਂ ਬਾਅਦ ਇਸ ਦੀ ਇੱਕ ਜਾਂਚ ਕਮੇਟੀ ਦਾ ਗਠਨ ਕਰ ਚੁੱਕੇ ਹਨ।ਸ਼ਿਕਾਇਤ ਕਰਤਾ ਅਤੇ ਸ਼ਹਿਰੀਆਂ ਗਠਿਤ ਕੀਤੀ ਜਾਂਚ ਕਮੇਟੀ ਵਿੱਚ ਨਗਰ ਕੌਸਲ ਦੇ ਅਧਿਕਾਰੀ/ਕਰਮਚਾਰੀਆਂ ਨੂੰ ਨਾ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ।
ਸ਼ਹਿਰੀ ਦੀ ਵੀਆਈਪੀ ਕਚਹਿਰੀ ਰੋਡ ਕਰੀਬ ਦੋ ਮਹੀਨੇ ਪਹਿਲਾਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ 700 ਫੁੱਟ ਬਣੀ ਸੀ, ਦੋ ਮਹੀਨਿਆਂ ਬਾਅਦ ਹੀ ਸੜਕ ਵਿਚੋਂ ਬਜ਼ਰੀ,ਬਰੇਤੀ ਅਤੇ ਬੁਰਕੀਆਂ ਨਿਕਲਣ ਲੱਗੀਆਂ।
ਐਡਵੋਕੇਟ ਗੁਰਲਾਭ ਸਿੰੰਘ ਮਾਹਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਕਿਸਾਨ ਆਗੂ ਰੁਲਦੂ ਸਿੰਘ,ਧੰਨਾ ਮੱਲ ਗੋਇਲ ਆਦਿ ਨੇ ਇਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਇਸ ਸੜਕ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਅਤੇ ਬਾਅਦ ਵਿੱਚ ਸੜਕ ’ਤੇ ਕੁੱਝ ਥਾਵਾਂ ’ਤੇ ਉਸਦੀ ਮੁਰੰਮਤ ਵੀ ਕੀਤੀ ਗਈ।
ਹੁਣ ਮੁੱਖ ਮੰਤਰੀ ਭਗਵੰਤ ਮਾਨ ਕੋਲ ਮਾਮਲਾ ਪੁੱਜਣ ਤੋਂ ਬਾਅਦ ਇਹ ਮਾਮਲਾ ਹੋਰ ਭਖ ਗਿਆ ਹੈ। ਸ਼ਹਿਰੀਆਂ ਵਿਜੀਲੈਂਸ ਕੋਲ ਵੀ ਇਸ ਦੀ ਲਿਖਤੀ ਸ਼ਿਕਾਇਤ ਭੇਜੀ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਤੋਂ ਦੋ ਦਿਨਾਂ ਅੰਦਰ ਰਿਪੋਰਟ ਮੰਗੀ ਹੈ ਅਤੇ ਨਮੂਨੇ ਲੈਣ ਵਾਲੀ ਟੀਮ ਨਮੂਨੇ ਲੈਕੇ ਪਟਿਆਲਾ ਲੈਬ ਵਿੱਚ ਪੁੱਜ ਗਈ ਹੈ। ਵਕੀਲ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨੋਟਿਸ ਤੋਂ ਬਾਅਦ ਨਮੂਨਿਆਂ ਦੀ ਛੇਤੀ ਰਿਪੋਰਟ ਲੈਣ ਲਈ ਪਟਿਆਲਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸ਼ਹਿਰ ਦੀ 21 ਮੈਂਬਰੀ ਸੰਘਰਸ਼ ਕਮੇਟੀ ਵੱਲੋਂ ਸ਼ਹਿਰ ਵਿੱਚ ਬਣ ਰਹੀਆਂ ਅਤੇ ਬਣ ਚੁੱਕੀਆਂ ਸੜਕਾਂ ਵਿੱਚ ਵਰਤੇ ਮਟਰੀਅਲ ਅਤੇ ਕਥਿਤ ਗਬਨ ਦੇ ਚੱਲਦੇ ਉਨ੍ਹਾਂ ਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਬਾਕੀ ਸੜਕਾਂ ਦੀ ਵੀ ਜਾਂਚ-ਪੜਤਾਲ ਅਤੇ ਵਰਤੇ ਮਟਰੀਅਲ ਦੀ ਘੋਖ ਹੋਣੀ ਚਾਹੀਦੀ ਹੈ।























