*ਕੇਂਦਰ ਦੀਆਂ ਸਕੀਮਾਂ ਲਈ ਭਾਜਪਾ ਵਲੋਂ ਲਾਏ ਕੈਂਪ ਪੁਲਿਸ ਨੇ ਖਦੇੜੇ, 200 ਭਾਜਪਾ ਵਰਕਰ ਹਿਰਾਸਤ ਚ ਲਏ*

0
38

ਮਾਨਸਾ, 21 ਅਗਸਤ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੈਕੇ ਭਾਜਪਾ ਵਰਕਰਾਂ ਵੱਲੋਂ ਮਾਨਸਾ ਅਤੇ ਪਿੰਡ ਬੀਰੋਕੇ ਕਲਾਂ ਵਿਖੇ ਲਗਾਏ ਗਏ ਕੈਂਪ ਪੁਲੀਸ ਨੇ ਖੁਦੇੜ ਦਿੱਤੇ। ਪੁਲੀਸ ਨੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ। ਇਸ ਦੇ ਵਿਰੋਧ ਵਿੱਚ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ’ਤੇ ਬੁਖਲਾਹਟ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੱਕ ਕੇਂਦਰ ਦੀਆਂ ਸਕੀਮਾਂ ਨਹੀਂ ਪਹੁੰਚਣ ਦੇਣਾ ਚਾਹੁੰਦੀ। ਭਾਜਪਾ ਨੇਤਾਵਾਂ ਅਨੁਸਾਰ ਹਜ਼ਾਰ ਦੇ ਕਰੀਬ ਭਾਜਪਾ ਵਰਕਰਾਂ ਨੂੰ ਅਤੇ ਮਾਨਸਾ ਜ਼ਿਲ੍ਹੇ ’ਚ 200 ਦੇ ਕਰੀਬ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਦੇ ਸਾਰੇ ਥਾਣਾ ਛਾਣ ਮਾਰੇ, ਪੁਲੀਸ ਵਰਕਰਾਂ ਨੂੰ ਕਿੱਥੇ ਲੈ ਗਈ, ਕੁੱਝ ਨਹੀਂ ਪਤਾ ਲੱਗ ਸਕਿਆ।
ਵੀਰਵਾਰ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਆਯੂਸ਼ਮਾਨ ਕਾਰਡ, ਪੈਨਸ਼ਨ ਸਕੀਮ ਅਤੇ ਹੋਰ 15 ਦੇ ਕਰੀਬ ਯੋਜਨਾਵਾਂ ਤਹਿਤ ਲੋਕਾਂ ਦੇ ਪਹਿਚਾਣ ਪੱਤਰ ਬਣਾਉਣ ਲਈ ਕੈਂਪ ਲਾਏ ਗਏ। ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਕਲਾਂ ਵਿਖੇ ਕੈਂਪਾਂ ਵਿੱਚ ਪੁਲੀਸ ਨੇ ਛਾਪਾ ਮਾਰਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ, ਬੀਰੋਕੇ ਕਲਾਂ ਦੇ ਇੰਚਾਰਜ ਭੋਲਾ ਸਿੰਘ ਅਤੇ ਹੋਰ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਚੌਕੀ ਕੁਲਰੀਆਂ ਅੱਗੇ ਧਰਨਾ ਲਾਕੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ, ਜ਼ਿਲ੍ਹਾ ਮਾਨਸਾ ਦੇ ਮੀਤ ਪ੍ਰਧਾਨ ਅਮਰਿੰਦਰ ਸਿੰਘ ਦਾਤੇਵਾਸ, ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਭਾਜਪਾ ਦੀ ਵੱਧਦੀ ਲੋਕਪਿ੍ਰਯਤਾ ਤੋਂ ਪੰਜਾਬ ਸਰਕਾਰ ਔਖੀ ਹੈ ਤਾਂ ਹੀ ਉਹ ਗਰੀਬਾਂ ਅਤੇ ਲੋੜਵੰਦਾਂ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਚਣ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਪੁਲੀਸ ਕਹਿੰਦੀ ਹੈ ਕਿ ਭਾਜਪਾ ਵਰਕਰ ਇਹ ਕੈਂਪ ਲਗਾਕੇ ਪੰਜਾਬ ਸਰਕਾਰ ਦਾ ਡਾਟਾ ਚੋਰੀ ਕਰ ਰਹੇ ਹਨ। ਵਰਕਰਾਂ ਨੂੰ ਹਿਰਾਸਤ ’ਚ ਲੈਣ ਦੇ ਨਾਲ-ਨਾਲ ਉਨ੍ਹਾਂ ਲੈਪਟਾਪ, ਪਿ੍ਰੰਟਰ ਅਤੇ ਹੋਰ ਸਮਾਨ ਵੀ ਕਬਜ਼ੇ ਵਿੱਚ ਲੈ ਲਿਆ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੇਂਦਰ ਐਨ.ਸੀ.ਆਰ ਤਹਿਤ ਇਹ ਸਕੀਮਾਂ ਲਈ ਮੁੰਡੇ-ਕੁੜੀਆਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਦੱਸਿਆ ਜਾਵੇ ਕਿ ਡਾਟਾ ਚੋਰੀ ਕਰਨ ਵਾਲੀ ਕਿਹੜੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਭਾਜਪਾ ਹਾਈਕਮਾਂਡ ਦੇ ਧਿਆਨ ਵਿੱਚ ਲਿਆਕੇ ਸਰਕਾਰ ਦੇ ਖਿਲਾਫ਼ ਪਾਰਟੀ ਵੱਲੋਂ ਸੰਘਰਸ਼ ਛੇੜਿਆ ਜਾਵੇਗਾ।

LEAVE A REPLY

Please enter your comment!
Please enter your name here