

ਮਾਨਸਾ 21ਅਗਸਤ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ:295 ਦੀ ਲੀਡਰਸ਼ਿਪ ਵੱਲੋਂ ਲਏ ਗਏ ਫੈਸਲੇ ਤਹਿਤ ਸਥਾਨਕ ਗਊਸ਼ਾਲਾ ਭਵਨ ਵਿਖੇ ਜ਼ਿਲ੍ਹਾ ਇਕਾਈ ਮਾਨਸਾ ਵੱਲੋਂ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਡਾ.ਸੱਤਪਾਲ ਰਿਸ਼ੀ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਜੱਥੇਬੰਦਕ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ।
ਕਨਵੈਨਸ਼ਨ ਦੀ ਸ਼ੁਰੂਆਤ ਸੂਬਾਈ ਆਗੂਆਂ ਅਤੇ ਭਰਾਤਰੀ ਜੱਥੇਬੰਦੀਆਂ ਦੇ ਨੇਤਾਵਾਂ ਨੇ ਆਕਾਸ਼ ਗਜਾਊ ਨਾਹਰਿਆਂ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਨਾਲ ਕੀਤੀ ਗਈ,ਅਤੇ ਉਪਰੰਤ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸੂਬਾ ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਵੇਂ ਭਾਰਤ ‘ਚ ਤਜਰਬੇ ਦੇ ਆਧਾਰ ਤੇ 1963 ਤੋਂ ਬਾਅਦ ਮੈਡੀਕਲ ਪ੍ਰੈਕਟੀਸ਼ਨਰਜ਼ ਲਈ ਰਜਿਸਟ੍ਰੇਸ਼ਨ ਕਰਨੀ ਬੰਦ ਕਰ ਦਿੱਤੀ ਸੀ ਪ੍ਰੰਤੂ ਵੱਖ ਵੱਖ ਸਮਿਆਂ ਦੌਰਾਨ ਹੋਂਦ ‘ਚ ਆਈਆਂ ਕਮੇਟੀਆਂ ਵੱਲੋਂ ਸਿਹਤ ਸੇਵਾਵਾਂ ਨੂੰ ਲੈਕੇ ਹੇਠਲੇ ਪੱਧਰ ‘ਤੇ ਝੁੱਗੀਆਂ ਝੋਂਪੜੀਆਂ ,ਗਰੀਬ ਬਸਤੀਆਂ ਅਤੇ ਪਿੰਡਾਂ ਵਿੱਚ ਵਸਦੇ ਗਰੀਬ ਲੋਕਾਂ ਤੱਕ ਸਰਕਾਰੀ ਸਿਹਤ ਸਹੂਲਤਾਂ ਪਹੁੰਚਾਣ ਲਈ ਹੇਠਲੇ ਪੱਧਰ ‘ਤੇ ਪ੍ਰਾਇਮਰੀ ਹੈਲਥ ਵਰਕਰ ਪੈਦਾ ਕਰਨ ਲਈ ਟ੍ਰੇਨਿੰਗ ਦੇਣ ਦੇ ਪ੍ਰਸਤਾਵ ਪੇਸ਼ ਕੀਤੇ ਗਏ ।1983 ਦੀ ਹੈਲਥ ਪਾਲਿਸੀ ਮੁਤਾਬਿਕ ਸਵੈਇੱਛਕ ਸੰਸਥਾਵਾਂ ਅਤੇ ਉਦਮੀ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਹੇਠਲੇ ਪੱਧਰ ‘ਤੇ ਸਭਨਾਂ ਨੂੰ ਸਿਹਤ ਸੇਵਾਵਾਂ ਦੇਣ ਦੀਆਂ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਸਨ, ਪ੍ਰੰਤੂ ਇਹ ਹਦਾਇਤਾਂ ਵੀ ਸਿਰਫ਼ ਕਾਗਜ਼ਾਂ ਦਾ ਸ਼ਿੰਗਾਰ ਹੀ ਬਣਕੇ ਹੀ ਰਹਿ ਗਈਆਂ ਅਤੇ ਅਮਲੀ ਰੂਪ ਧਾਰਨ ਨਹੀਂ ਕਰ ਸਕੀਆਂ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਦੇ 29 ਸਾਲਾਂ ਦੇ ਇਤਿਹਾਸ ‘ਚ ਵੱਖ ਵੱਖ ਅਦਾਲਤਾਂ ਦੇ ਫੈਸਲੇ ਅਤੇ ਪ੍ਰੈਕਟਿਸਾਂ ਬੰਦ ਕਰਵਾਉਣ ਲਈ ਕਾਨੂੰਨੀ ਚੋਰ ਮੋਰੀਆਂ ਰਾਹੀਂ ਕੀਤੀਆਂ ਗਈਆਂ ਕੋਝੀਆਂ ਸਾਜਸ਼ਾਂ ਦੇ ਜੱਥੇਬੰਦੀ ਵੱਲੋਂ ਦੰਦ ਖੱਟੇ ਕੀਤੇ ਹਨ ਅਤੇ ਅਜਿਹੇ ਨਾਪਾਕ ਮਨਸੂਬਿਆਂ ਨੂੰ ਫੇਲ੍ਹ ਵੀ ਕੀਤਾ ਹੈ। ਉਹਨਾਂ ਨਿੱਜੀ ਮੁਫਾਦਾਂ ਲਈ ਕੁੱਝ ਗਰੁੱਪਾਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਸੂਬਾ ਕਮੇਟੀ ਖ਼ਿਲਾਫ਼ ਕੀਤੇ ਜਾ ਰਹੇ ਫੁੱਟ ਪਾਉ ਅਤੇ ਕੂੜ ਪ੍ਰਚਾਰ ਤੋਂ ਸੁਚੇਤ ਰਹਿੰਦਿਆਂ ਜੱਥੇਬੰਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ ।
ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਜੱਥੇਬੰਦੀ ਦੇ ਪਿਛਲੇ ਲੰਬੇ ਅਤੇ ਸ਼ਾਨਾਮੱਤੇ ਘੋਲਾਂ ਸਦਕਾ ਹੀ 26 ਨਬੰਵਰ 2024 ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਅਗਵਾਈ ਹੇਠ ਹੋਈ ਪੈਨਲ ਮੀਟਿੰਗ ਮੁਤਾਬਕ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਲਈ ਸਾਰਟ ਟਰਮ ਕੋਰਸ ਕਰਵਾਉਣ ਲਾਗੂ ਕਰਨ ਦੀ ਮੰਗ ਬਾਰੇ’ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਨੂੰ ਅੱਜ ਵੀ ਵਿਚਾਰ ਅਧੀਨ ਕਹਿ ਕੇ ਲਟਕਾਇਆ ਜਾ ਰਿਹਾ ਹੈ। ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਸਵੀਰ ਸਿੰਘ ਔਲਖ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਨਤਕ ਹਿੱਤਾਂ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਕੁੱਝ ਸਮੇਂ ਲਈ ਟ੍ਰੇਨਿੰਗ ਦੇ ਕੇ ਪ੍ਰਾਇਮਰੀ ਪੱਧਰ ਦੀਆਂ ਸਿਹਤ ਸੇਵਾਵਾਂ ਦੇਣ ਦਾ ਅਧਿਕਾਰ ਅਤੇ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ , ਅਤੇ ਇਹਨਾਂ ਤਜਰਬੇਕਾਰ ਸਾਥੀਆਂ ਨੂੰ ਸਿਹਤ ਵਿਭਾਗ ਨਾਲ ਜੋੜ ਕੇ ਨੈਸ਼ਨਲ ਪ੍ਰੋਗਰਾਮਾਂ ਸ਼ਾਮਲ ਕਰਕੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਸੁੰਯਕਤ ਕਿਸਾਨ ਮੋਰਚੇ ਦੇ ਆਗੂ ਰੂਲਦੂ ਸਿੰਘ ਮਾਨਸਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕ੍ਰਿਸ਼ਨ ਚੌਹਾਨ ਅਤੇ ਆਤਮਾ ਸਿੰਘ ਪਮਾਰ ਸੀਨੀਅਰ ਪੱਤਰਕਾਰ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਭਰਾਤਰੀ ਜਥੇਬੰਦੀਆਂ ਦੇ ਸੰਘਰਸ਼ਾਂ ਦੌਰਾਨ ਲੰਬੇ ਸਮੇਂ ਤੋਂ ਮੁਢਲੀਆਂ ਸਿਹਤ ਸੇਵਾਵਾਂ ਦੇ ਕੈਂਪ ਲਗਾਉਣ ਤੋਂ ਇਲਾਵਾ ਸ਼ਮੂਲੀਅਤ ਕਰਕੇ ਵੱਡਮੁੱਲਾ ਯੋਗਦਾਨ ਪਾਉਂਦੀ ਰਹੀ ਹੈ। ਇਹਨਾਂ ਦੇ ਕਿੱਤੇ ‘ਤੇ ਪਾਬੰਦੀ ਲਗਾਉਣ ਜਾਂ ਧੱਕਾ ਕਰਨ ਵਾਲੀ ਅਫ਼ਸਰਸ਼ਾਹੀ ਅਤੇ ਸਰਕਾਰ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਉਹਨਾਂ ਜਥੇਬੰਦਕ ਜ਼ਾਬਤੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾਈ ਟੀਮ ਵੱਲੋਂ ਨਿਭਾਈ ਜਾ ਰਹੀ ਸ਼ਲਾਘਾਯੋਗ ਭੂਮਿਕਾ, ਨਿਰਸਵਾਰਥ ਅਤੇ ਨਿੱਡਰਤਾ ਨਾਲ ਕੀਤੀ ਜਾ ਰਹੀ ਯੋਗ ਅਗਵਾਈ ਦੀ ਵੀ ਪ੍ਰਸੰਸਾ ਕਰਨੀ ਬਣਦੀ ਹੈ। ਅਧਿਆਪਕ ਆਗੂ ਮਾਸਟਰ ਮੇਘ ਰਾਜ ਰੱਲਾ ਨੇ ਨਸ਼ਿਆਂ, ਭਰੂਣ ਹੱਤਿਆਵਾਂ ਸੰਬੰਧੀ ਵਿਸਥਾਰਤ ਵਿਚਾਰ ਪੇਸ਼ ਕਰਦਿਆਂ ਸਮਾਜ ‘ਚ ਫੈਲੇ ਅੰਧਵਿਸ਼ਵਾਸ਼ਾਂ ਅਤੇ ਮੌਜੂਦਾ ਦੌਰ ‘ਚ ਨਿੱਘਰ ਰਹੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪ੍ਰਸਥਿਤੀਆਂ ਦੀ ਗੱਲ ਕਰਨ ਤੋਂ ਇਲਾਵਾ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਵੀ ਦਿੱਤਾ । ਇਸ ਸਮੇਂ ਆਗੂ ਟੀਮ ਵੱਲੋਂ ਜੱਥੇਬੰਦੀ ਦਾ ਬੈਜ ਅਤੇ ਹੱਥ ਪਰਚਾ ਵੀ ਰੀਲੀਜ਼ ਕੀਤਾ ਗਿਆ। ਕਨਵੈਨਸ਼ਨ ਦੌਰਾਨ ਜ਼ਿਲ੍ਹਾ ਕਮੇਟੀ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ, ਸੂਬਾ ਕਮੇਟੀ ਮੈਂਬਰਾਂ ਅਤੇ ਬਲਾਕ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੂਬਾ ਸਹਾਇਕ ਕੈਸ਼ੀਅਰ ਵੈਦ ਤਾਰਾ ਚੰਦ ਭਾਵਾ ਵੱਲੋਂ ਬਾਖੂਬੀ ਨਿਭਾਈ ਗਈ।
ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਵੱਲ਼ੋਂ ਪਹੁੰਚੇ ਸਮੂਹ ਹਾਜ਼ਰੀਨ ਦਾ ਕਨਵੈਂਸ਼ਨ ਦੀ ਸਫਲਤਾ ਲਈ ਧੰਨਵਾਦ ਕੀਤਾ। ਇਸ ਸਮੇਂ ਜ਼ਿਲ੍ਹਾ ਚੇਅਰਮੈਨ ਡਾ. ਰਘਵੀਰ ਚੰਦ ਸ਼ਰਮਾ, ਸਕੱਤਰ ਡਾ.ਸਿਮਰਜੀਤ ਗਾਗੋਵਾਲ , ਕੈਸ਼ੀਅਰ ਡਾ. ਅਮਰੀਕ ਸਿੰਘ ਮਾਖਾ, ਬਲਾਕ ਝੁਨੀਰ ਦੇ ਪ੍ਰਧਾਨ ਡਾ. ਅੰਗਰੇਜ਼ ਸਿੰਘ ਸਾਹਨੇਵਾਲੀ, ਬਲਾਕ ਬਰੇਟਾ ਦੇ ਪ੍ਰਧਾਨ ਡਾ. ਪ੍ਰੇਮ ਸਿੰਘ ਕਿਸ਼ਨਗੜ੍ਹ, ਸਕੱਤਰ ਡਾ.ਬੰਟੂ ਸ਼ਰਮਾ , ਮਾਨਸਾ ਦੇ ਸੀਨੀਅਰ ਵਾਇਸ ਪ੍ਰਧਾਨ ਡਾ.ਮਨੋਜ ਖਿਆਲਾ, ਸਕੱਤਰ ਵੈਦ ਰਣਵੀਰ ਸਿੰਘ, ਬੁਢਲਾਡਾ ਦੇ ਪ੍ਰਧਾਨ ਡਾ.ਗੁਰਜੀਤ ਸਿੰਘ ਬਰ੍ਹੇ, ਸਕੱਤਰ ਡਾ. ਬੂਟਾ ਸਿੰਘ ਸਸਪਾਲੀ , ਸਰਦੂਲਗੜ੍ਹ ਦੇ ਪ੍ਰਧਾਨ ਡਾ. ਦੀਪਕ ਬਜਾਜ , ਡਾ. ਰਾਜਵੀਰ ਸਿੰਘ, ਜੋਗਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਜੋਗਾ, ਸਕੱਤਰ ਡਾ.ਸੁਖਪਾਲ ਸਿੰਘ ਜੋਗਾ , ਬੋਹਾ ਦੇ ਪ੍ਰਧਾਨ ਡਾ.ਸੁਖਪਾਲ ਸਿੰਘ ਹਾਕਮਵਾਲਾ , ਸਕੱਤਰ ਡਾ. ਹਰਬੰਸ ਸਿੰਘ ਭੀਮੜਾ, ਭੀਖੀ ਦੇ ਪ੍ਰਧਾਨ ਡਾ.ਸਤਵੰਤ ਸਿੰਘ ਮੋਹਰ ਸਿੰਘ ਵਾਲਾ , ਸਕੱਤਰ ਡਾ.ਪਾਲ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਪ੍ਰੈਕਟੀਸਨਰਾਂ ਨੇ ਜੋਸ਼ੋ ਖਰੋਸ਼ ਅਤੇ ਅਕਾਸ਼ ਗੁਜਾਉਂ ਨਾਹਰਿਆਂ ਨਾਲ ਸ਼ਮੂਲੀਅਤ ਕੀਤੀ ਪਹੁੰਚੇ ਆਗੂਆਂ ਵੱਲੋਂ ਪ੍ਰੈਕਟੀਸਨਰਾਂ ਦੀਆਂ ਮੰਗਾਂ ਦਾ ਜ਼ੋਰਦਾਰ ਸਮਰਥਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਾਰਟ ਟਰਮ ਕੋਰਸ ਕਰਵਾ ਕੇ ਮਾਨਤਾ ਦਿੱਤੀ ਜਾਵੇ। ਚੰਗੇ ਪ੍ਰਬੰਧਾਂ , ਸਫ਼ਲ ਅਤੇ ਯਾਦਗਾਰੀ ਕਨਵੈਨਸ਼ਨ ਦੀਆਂ ਸੰਗਰਾਮੀ ਮੁਬਾਰਕਾਂ ਵੀ ਸਾਂਝੀਆਂ ਕੀਤੀਆਂ ਗਈਆਂ






















