

ਮਾਨਸਾ, 28 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) -ਲੰਬੇ ਸਮੇਂ ਬਾਅਦ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੁਹਾਲੀ ਪੁਲਸ ਵਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਪੁਲਸ ਨੇ ਇਸ ਸਬੰਧੀ ਮੁਹਾਲੀ ਦੀ ਅਦਾਲਤ ਵਿਚ ਵਿਧਾਇਕ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੇਣ ਦੀ ਕਲੋਜਰ ਰਿਪੋਰਟ ਦਾਖਲ ਕੀਤੀ ਹੈ। ਜਿਸ ਤੇ 14 ਜੁਲਾਈ ਨੂੰ ਸੁਣਵਾਈ ਹੋਵੇਗੀ। ਵਿਧਾਇਕ ਸਿੰਗਲਾ ਨੂੰ ਪੁਲਸ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਲੀਨ ਚਿੱਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਖੇਮੇ ਵਿਚ ਖੁਸ਼ੀ ਦਾ ਆਲਮ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਅੱਜ ਸੋਸ਼ਲ ਮੀਡੀਆ ਸਮੇਤ ਮਾਨਸਾ ਦੇ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ ਅਗਾਊ ਤੌਰ ਤੇ ਵਧਾਈਆਂ ਦਿੱਤੀਆਂ। ਸੋਸ਼ਲ ਮੀਡੀਆ ਤੇ ਡਾ. ਵਿਜੇ ਸਿੰਗਲਾ ਨੂੰ ਮੁੜ ਤੋਂ ਝੰਡੀ ਵਾਲੀ ਕਾਰ ਮਿਲਣ ਦੀ ਕਾਮਨਾ ਕੀਤੀ ਜਾ ਰਹੀ ਹੈ। ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਛੇਤੀ ਹੀ ਆਪਣੇ ਮੰਤਰੀ ਮੰਡਲ ਵਿਚ ਵਾਧਾ ਅਤੇ ਉਲਟ ਫੇਰ ਕਰਨ ਜਾ ਰਹੀ ਹੈ। ਜਿਸ ਵਿਚ ਡਾ. ਵਿਜੇ ਸਿੰਗਲਾ ਦਾ ਨਾਮ ਮੁੜ ਜੁੜ ਸਕਦਾ ਹੈ। ਜਿਕਰਯੋਗ ਹੈ ਕਿ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ਵਿਚ ਬਤੌਰ ਸਿਹਤ ਮੰਤਰੀ ਬਣਾਇਆ ਗਿਆ ਸੀ ਅਤੇ 66 ਦਿਨਾਂ ਬਾਅਦ ਇਕ ਦੋਸ਼ ਤਹਿਤ ਉਨ੍ਹਾਂ ਤੋਂ ਝੰਡੀ ਵਾਲੀ ਕਾਰ ਵਾਪਸ ਲੈ ਲਈ ਗਈ। ਇਸ ਮਾਮਲੇ ਤੇ ਵਿਜੇ ਸਿੰਗਲਾ ਅਤੇ ਹੋਰਾਂ ਨੇ ਚੁੱਪੀ ਵੀ ਧਾਰੀ ਰੱਖੀ ਪਰ ਹੁਣ ਮੁਹਾਲੀ ਪੁਲਸ ਨੇ ਉਥੋਂ ਦੀ ਅਦਾਲਤ ਵਿਚ ਵਿਜੇ ਸਿੰਗਲਾ ਮਾਮਲੇ ਵਿਚ ਕਲੋਜਰ ਰਿਪੋਰਟ ਦਾਖਲ ਕਰਕੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਹੈ। ਇਸ ਸਬੰਧੀ ਡਾ. ਵਿਜੇ ਸਿੰਗਲਾ ਦਾ ਕਹਿਣਾ ਹੈ ਕਿ ਕਈ ਵਾਰ ਬਿਨਾਂ ਕਸੂਰ ਤੋਂ ਵੀ ਸਜਾ ਮਿਲ ਜਾਂਦੀ ਹੈ ਪਰ ਉਹ ਸੱਚੇ ਸਨ ਤਾਂ ਪ੍ਰਮਾਤਮਾ ਨੇ ਉਨ੍ਹਾਂ ਦਾ ਸਾਥ ਦਿੱਤਾ। ਮਾਨਸਾ ਦੇ ਲੋਕਾਂ ਦੇ ਆਸ਼ੀਰਵਾਦ ਸਦਕਾ ਉਨ੍ਹਾਂ ਨੂੰ ਕਲੀਨ ਚਿੱਟ ਮਿਲੀ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਮਾਮਲਾ ਅਦਾਲਤ ਵਿਚ ਹੈ।























