*ਨਰਮੇ ਦੇ ਖੇਤਾਂ ਨੂੰ ਔੜ ਨਾ ਆਉਣ ਦਿੱਤੀ ਜਾਵੇ-ਗੁਰਲੀਨ ਕੌਰ*

0
31

ਮਾਨਸਾ, 26 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਬਤੌਰ ਏ.ਸੀ. ਯੂ ਟੀ ਵੱਲੋਂ ਸੇਵਾਵਾਂ ਨਿਭਾਅ ਰਹੇ ਨਵਨਿਯੁਕਤ ਆਈ.ਏ.ਐਸ. ਨੇ ਅੱਜ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਾਨਸਾ ਜ਼ਿਲ੍ਹੇ ਦੇ 04 ਪਿੰਡਾਂ ਦਾ ਦੌਰਾ ਕੀਤਾ ਜਿਸ ਉਪਰੰਤ ਉਨ੍ਹਾਂ ਕਿਹਾ ਕਿ ਨਰਮੇ ਦੇ ਖੇਤਾਂ ਨੂੰ ਔੜ ਨਾ ਆਉਣ ਦਿੱਤੀ ਜਾਵੇ।
ਕਿਸਾਨ ਵੀਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਿੱਥੇ ਖੇਤਾਂ ਵਿਚ ਆਉਣ ਵਾਲੀਆਂ ਔਕੜਾਂ ਸਬੰਧੀ ਜ਼ਮੀਨੀ ਪੱਧਰ ‘ਤੇ ਪਹੁੰਚ ਕੇ ਸਮੱਸਿਆਵਾਂ ਦਾ ਹੱਲ ਜਾਨਣ ਦੀ ਕੋਸ਼ਿਸ਼ ਕੀਤੀ ਉੱਥੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਨਾਲ ਤਾਲਮੇਲ ਕਰਕੇ ਇਸ ਦੇ ਢੁੱਕਵੇਂ ਹੱਲ ਬਾਰੇ ਵੀ ਜਾਣਿਆ।
ਇਸ ਮੌਕੇ ਬੋਲਦਿਆਂ ਡਾ. ਗੁਰਲੀਨ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾਂ ਰਹੀਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਨਰਮੇ ਦੇ ਬੀਜ ‘ਤੇ 33 ਫੀਸਦੀ ਸਬਸਿਡੀ, ਝੋਨੇ ਦੀ ਸਿੱਧੀ ਬਿਜਾਈ ‘ਤੇ 1500/- ਪ੍ਰਤੀ ਏਕੜ ਦਾ ਕਿਸਾਨ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਉਪਲੱਬਧਤਾ ਬਾਰੇ ਕਿਸਾਨਾਂ ਤੋਂ ਫੀਡਬੈਕ ਲਈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਨ ਅਤੇ ਖੇਤੀ ਖਰਚੇ ਘਟਾਉਣ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਸਟ ਸਰਵੇਲੈਂਸ ਦੀਆਂ 06 ਟੀਮਾਂ ਬਣਾਈਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ ਇੱਕ ਜ਼ਿਲ੍ਹਾ ਪੱਧਰ ਅਤੇ ਬਾਕੀ ਬਲਾਕ ਪੱਧਰ ਦੀਆਂ ਹਨ, ਜੋ ਕਿ ਹਰ ਸੋਮਵਾਰ ਅਤੇ ਵੀਰਵਾਰ ਨੂੰ ਨਰਮੇ ਦੇ ਖੇਤਾਂ ਦਾ ਸਰਵੇਖਣ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਵੱਖ ਵੱਖ ਟੀਮਾਂ ਵੱਲੋਂ ਪਿੰਡ ਦਾਤੇਵਾਸ, ਰੱਲੀ, ਬੀਰੋਕੇ ਕਲਾਂ, ਹੀਰੇਵਾਲਾ ਵਿਖੇ ਦੌਰੇ ਦੌਰਾਨ ਪਾਇਆ ਗਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਹਾਲੇ ਤੱਕ ਚਿੱਟੀ ਮੱਖੀ, ਹਰਾ ਤੇਲਾ ਅਤੇ ਗੁਲਾਬੀ ਸੁੰਡੀ ਦੀ ਸੰਖਿਆ ਆਰਥਿਕ ਕਗਾਰ ਤੋਂ ਘੱਟ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੇ ਖੇਤਾਂ ਨੂੰ ਔੜ ਨਾ ਆਉਣ ਦਿੱਤੀ ਜਾਵੇ ਅਤੇ ਜ਼ਿਆਦਾ ਨਮੀ ਵਿਚ ਚਿੱਟੀ ਮੱਖੀ ਦੇ ਹਮਲੇ ਦਾ ਖਿਆਲ ਰੱਖਿਆ ਜਾਵੇ ਤਾਂ ਜੋ ਫਸਲ ਨੂੰ ਨੁਕਸਾਨ ਨਾ ਹੋਵੇ।
ਇਸ ਮੌਕੇ ਡਾ ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬੀ.ਟੀ ਨਰਮੇ ਵਿੱਚ ਨਾਈਟ੍ਰੋਜ਼ਨ ਖਾਦ 90 ਕਿੱਲੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਫੁੱਲ ਆਉਣ ਤੱਕ 3 ਕਿਸ਼ਤਾਂ ਵਿੱਚ ਪੂਰੀ ਕਰਨ। ਇਸ ਤੋਂ ਇਲਾਵਾ ਨਰਮੇ ਦੇ ਖੇਤ ਦਾ ਆਲਾ ਦੁਆਲਾ ਨਦੀਨ ਰਹਿਤ ਰੱਖਣ। ਇਹਨਾਂ ਨਦੀਨਾਂ ਉੱਪਰ ਚਿੱਟੀ ਮੱਖੀ ਦੇ ਲਾਰਵੇ ਪਲਦੇ ਹਨ। ਡਾ. ਗੁਰਵੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਬੁਢਲਾਡਾ ਨੇ ਕਿਹਾ ਕਿ ਖੇਤਾਂ ਦਾ ਸਰਵੇ ਸਵੇਰੇ 10 ਵਜੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ। ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਕਰੋ ਜਦੋਂ ਬੂਟੇ ਦੇ ਉੱਪਰੀ ਹਿੱਸੇ ਪੱਤਿਆਂ ਉੱਪਰ 06 ਬਾਲਗ ਪ੍ਰਤੀ ਪੱਤਾ ਹੋਵੇ
 
ਇਸ ਮੌਕੇ ਜਰਮਨਜੋਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਤੋਂ ਇਲਾਵਾ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here