

ਮਾਨਸਾ, 26 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ): ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਲਵਲੀਨ ਬੜਿੰਗ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਦਾ ਸਮਾਜ ਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਲਈ ਸਾਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਨਸ਼ਿਆਂ ਵੱਲ ਧਿਆਨ ਨਾ ਦੇ ਕੇ ਖੇਡਾਂ ਅਤੇ ਪੜ੍ਹਾਈ ਵੱਲ ਦਿਲਚਸਪੀ ਦਿਖਾਉਣ ਅਤੇ ਆਪਣਾ ਭਵਿੱਖ ਰੁਸ਼ਨਾਉਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਵਿਅਕਤੀ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ ਤਾਂ ਉਸਨੂੰ ਸਮਝਾ ਕੇ ਨਸ਼ਾ ਛੁਡਾਊ ਕੇਂਦਰ ਜਾਂ ਕਿਸੇ ਨੇੜੇ ਦੀ ਸਿਹਤ ਸੰਸਥਾ ਵਿੱਚ ਉਸਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਨਾਲ ਪੀੜਤ ਵਿਅਕਤੀ ਨੂੰ ਸਹੀ ਇਲਾਜ ਦੀ ਜਰੂਰਤ ਹੁੰਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਨਸ਼ਿਆਂ ਦੇ ਚੰਗੁਲ ਵਿੱਚ ਫਸੇ ਵਿਅਕਤੀ ਨਾਲ ਵਿਤਕਰਾ ਜਾਂ ਨਫਰਤ ਕਰਨ ਦੀ ਬਜਾਇ ਉਸਦਾ ਸਹੀ ਇਲਾਜ਼ ਕਰਵਾਇਆ ਜਾਵੇ।
ਇਸ ਦੌਰਾਨ ਮੌਜੂਦਾ ਨੂੰ ਸਹੁੰ ਚੁੱਕਵਾਈ ਗਈ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਿੱਥੇ ਅਸੀਂ ਖੁਦ ਨਸ਼ਿਆਂ ਦੀ ਮਾੜੀ ਅਲਾਮਤ ਤੋਂ ਦੂਰ ਰਹਾਂਗੇ, ਉਥੇ ਹੀ ਇਸ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਇੱਕਠੇ ਹੋ ਕੇ ਸਮਾਜ, ਪਰਿਵਾਰ ਅਤੇ ਦੋਸਤਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਾਂਗੇ। ਇਸ ਤੋਂ ਇਲਾਵਾ ਦੇਸ਼ ਨੂੰ ਨਸ਼ਾ-ਮੁਕਤ ਕਰਨ ਲਈ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਯਤਨ ਕਰਾਂਗੇ।
ਇਸ ਮੌਕੇ ਸੁਖਰਾਜ ਸਿੰਘ, ਅਵਤਾਰ ਸਿੰਘ, ਗੁਰਮੀਤ ਗਾਗੋਵਾਲ, ਮਨੋਜ ਕੁਮਾਰ, ਕਾਰਤਿਕ ਸਿੰਗਲਾ, ਸੰਜੀਵ ਕੁਮਾਰ, ਹਰੀਸ਼ ਕੁਮਾਰ ਰੀਡਰ, ਕਮਲਪ੍ਰੀਤ, ਚੰਚਲ ਸ਼ਰਮਾ, ਗੁਰਮੀਤ ਕੌਰ, ਹਰਜੀਤ ਕੌਰ ਸਟੈਨੋ, ਗੁਰਤੇਜ ਸਿੰਘ, ਸੰਦੀਪ ਕੁਮਾਰ, ਗੁਰਪ੍ਰਕਾਸ਼ ਸਿੰਘ ਅਤੇ ਜਸਬੀਰ ਸਿੰਘ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਹੋਰ ਮੁਲਾਜ਼ਮ ਵੀ ਮੌਜੂਦ ਸਨ।























