

ਮਾਨਸਾ, 19 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ): ਮਹਾਤਮਾਂ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ ਦੇ ਖੇਤਰੀ ਦਫ਼ਤਰ ਬਠਿੰਡਾ ਦੁਆਰਾ 18 ਅਤੇ 19 ਨਵੰਬਰ 2019 ਨੂੰ ਨਸਿ਼ਆਂ ਦੀ ਰੋਕਥਾਮ ਸਬੰਧੀ ਸਥਾਨਕ ਬੱਚਤ ਭਵਨ ਵਿਖੇ ਦੋ ਰੋਜ਼ਾ ਟਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜਿੱਥੇ ਵੱਖ—ਵੱਖ ਵਿਸ਼ਾ ਮਾਹਿਰਾਂ ਦੁਆਰਾ ਆਪਣੇ ਵਿਚਾਰ ਰੱਖੇ ਗਏ ਉੱਥੇ ਹੀ ਨਸਿ਼ਆਂ ਦੀ ਰੋਕਥਾਮ ਅਤੇ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ।ਟਰੇਨਿੰਗ ਪ੍ਰੋਗਰਾਮ ਵਿਚ 50 ਸਕੂਲਾਂ ਦੇ ਬੱਡੀਜ਼ ਨੋਡਲ ਅਧਿਆਪਕਾਂ ਨੇ ਭਾਗ ਲਿਆ।
ਜਿ਼ਲ੍ਹਾ ਨੋਡਲ ਅਫ਼ਸਰ ਬੱਡੀਜ਼ ਪ੍ਰੋਗਰਾਮ ਸ੍ਰੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮਕਸਦ ਨਸਿ਼ਆਂ ਨੂੰ ਜੜ ਤੋਂ ਉਖਾੜਨਾ ਹੈ ਜਿਸ ਤਹਿਤ ਸਕੂਲੀ ਬੱਚਿਆਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਵੀ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਪ੍ਰਸ਼ਾਸ਼ਨ ਦੁਆਰਾ ਬੱਡੀਜ਼ ਪ੍ਰੋਗਰਾਮ ਚਲਾਇਆ ਗਿਆ ਹੈ ਅਤੇ ਓਟ ਕੇਂਦਰ ਵੀ ਖੋਲ੍ਹੇ ਗਏ ਹਨ ਜੋ ਕਿ ਇਸ ਮੁਹਿੰਮ ਵਿਚ ਸ਼ਲਾਘਾਯੋਗ ਕਦਮ ਹੈ।























