ਬਿਜਲੀ ਮਹਿਕਮੇ ਨੇ ਖੜ੍ਹੀ ਕੀਤੀ ਮੁਸ਼ਕਿਲ, ਪੰਜਾਬ ਭਰ ਦੇ ਕਿਸਾਨ ਹੋਏੇ ਪ੍ਰੇਸ਼ਾਨ!

0
4

ਜਲੰਧਰ(ਸਾਰਾ ਯਹਾ)— ਬਿਜਲੀ ਮਹਿਕਮੇ ਵੱਲੋਂ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਘਟਾਉਣ ਨਾਲ ਕਿਸਾਨਾਂ ਲਈ ਮੁਸ਼ਕਿਲ ਖੜ੍ਹੀ ਹੋ ਰਹੀ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਕ ਦਿਨ ਛੱਡ ਕੇ ਬਿਜਲੀ ਸਪਲਾਈ 8 ਘੰਟੇ ਕਰ ਦਿੱਤੀ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਪਲਾਈ ਦੇਣ ਨਾਲ ਫਸਲਾਂ ਦਾ ਪਾਣੀ ਪੂਰਾ ਨਹੀਂ ਹੋ ਰਿਹਾ। ਖਾਸ ਕਰਕੇ ਮੱਕੀ, ਗੰਨਾ ਝੋਨੇ ਦੀ ਪਨੀਰੀ ਅਤੇ ਸਬਜ਼ੀ ਲਾਉਣ ਵਾਲੇ ਕਿਸਾਨਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ, ਝੋਨੇ ਦੀ ਪਨੀਰੀ ਲਾਉਣ ਲਈ ਪਾਣੀ ਦੀ ਮੰਗ ਹੋਰ ਰੋਜ਼ ਵਧ ਰਹੀ ਹੈ ਪਰ ਰੋਜ਼ਾਨਾ 4 ਘੰਟੇ ਬਿਜਲੀ ਨਾਲ ਕੰਮ ਨਹੀਂ ਚੱਲ ਰਿਹਾ। ਹਾਲਾਂਕਿ ਬਿਜਲੀ ਮਹਿਕਮੇ ਨੇ ਕੁਝ ਦਿਨਾਂ ਤੋਂ ਇਕ ਦਿਨ ਛੱਡ ਕੇ 8 ਘੰਟੇ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਹੈ ਪਰ ਕਈ ਜਗ੍ਹਾ ਅਜੇ ਵੀ ਰੋਜ਼ਾਨਾ ਸਿਰਫ 4 ਘੰਟੇ ਹੀ ਟਿਊਬਵੈੱਲ ਚੱਲਣ ਕਾਰਨ ਪੰਜਾਬ ਭਰ ਦੇ ਕਿਸਾਨਾਂ ‘ਚ ਫਸਲਾਂ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਅਗੇਤੀ ਮੱਕੀ ਬੀਜੀ ਹੈ ਅਤੇ ਪੱਕਣ ਦੇ ਕੰਢੇ ਪਹੁੰਚਣ ਵਾਲੀ ਹੈ ਉਸ ਲਈ ਪਾਣੀ ਦੀ ਸਖਤ ਜ਼ਰੂਰਤ ਹੈ। ਇਸੇ ਤਰ੍ਹਾਂ ਗੰਨੇ ਦੇ ਮੁੱਢ ਅਤੇ ਨਵੀਂ ਬਿਜਾਈ ਨੂੰ ਵੀ ਇਸ ਸਮੇਂ ਲਗਾਤਾਰ ਪਾਣੀ ਦੀ ਲੋੜ ਹੈ। ਸਬਜ਼ੀਆਂ, ਖਰਬੂਜ਼ੇ ਅਤੇ ਤਰਬੂਜ਼ ਦੀ ਖੇਤੀ ਕਰ ਰਹੇ ਕਿਸਾਨਾਂ ਨੂੰ ਵੀ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਹੈ।

ਉੱਥੇ ਹੀ, ਝੋਨੇ ਦੀ ਪਨੀਰੀ ਦੀ ਬਿਜਾਈ ਲਈ ਜ਼ਮੀਨ ਤਿਆਰ ਕਰਨ ਲਈ ਲਗਾਤਾਰ ਪਾਣੀ ਚਾਹੀਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਚਾਰ ਘੰਟੇ ਬਿਜਲੀ ਸਪਲਾਈ ਨਾਲ ਤਾਂ ਇਕ ਖੇਤ ਨੂੰ ਪੂਰਾ ਕਰਨਾ ਹੀ ਮੁਸ਼ਕਿਲ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਪਲਾਈ ਤਾਂ ਰੋਜ਼ਾਨਾ ਚਾਰ ਘੰਟੇ ਹੀ ਹੈ ਪਰ ਇਕ ਦਿਨ ਨਾਗਾ ਪਾ ਕੇ ਅਗਲੇ ਦਿਨ 8 ਘੰਟੇ ਕਰ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਦਿਨ ਛੱਡ ਕੇ 8 ਘੰਟੇ ਬਿਜਲੀ ਦੇਣ ਨਾਲ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਇੰਨੇ ਚਿਰ ‘ਚ ਜਿੰਨੀ ਜ਼ਮੀਨ ਗਿੱਲੀ ਹੁੰਦੀ ਹੈ ਓਨੀ ਤਿੰਨ ਦਿਨਾਂ ‘ਚ ਹੀ ਸੁੱਕ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਦੀ ਫਸਲ ਲਈ ਤਿੰਨ ਤੋਂ ਚਾਰ ਵਾਰ ਪਾਣੀ ਅਜੇ ਹੋਰ ਚਾਹੀਦਾ ਹੈ। ਉੱਥੇ ਹੀ, ਝੋਨੇ ਦੀ ਪਨੀਰੀ ਲਈ ਬਿਜਾਈ 20 ਮਈ ਅਤੇ ਝੋਨੇ ਦੀ ਲਵਾਈ ਲਈ 20 ਜੂਨ ਤਕ ਦੀ ਤਰੀਕ ਮਿਲੀ ਹੈ ਪਰ ਬਿਜਲੀ ਸਪਲਾਈ ਦੀ ਚੱਲ ਰਹੀ ਕਮੀ ਕਾਰਨ ਪਹਿਲਾਂ ਤਾਂ ਪਨੀਰੀ ਲਾਉਣੀ ਹੀ ਔਖੀ ਹੋ ਜਾਵੇਗੀ ਅਤੇ ਫਿਰ ਝੋਨੇ ਦੀ ਲਵਾਈ ਸਮੇਂ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।


 

LEAVE A REPLY

Please enter your comment!
Please enter your name here