

ਨਵੀਂ ਦਿੱਲੀ: ਅੱਜ ਤੋਂ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ। ਹੁਣ ਕੇਂਦਰ ਜਾਂ ਸੂਬਾ ਸਰਕਾਰਾਂ ਕੋਈ ਵੱਡਾ ਐਲਾਨ ਨਹੀਂ ਕਰ ਸਕਣਗੀਆਂ ਤੇ ਨਾ ਹੀ ਮਨਮਰਜ਼ੀ ਨਾਲ ਸਰਕਾਰੀ ਮਸ਼ੀਨਰੀ ਦਾ ਇਸਤੇਮਾਲ ਕਰ ਸਕਣਗੀਆਂ। ਚੋਣ ਕਮਿਸ਼ਨ ਨੇ ਵੋਟਾਂ ਲਈ ਤਾਰੀਖਾਂ ਐਲਾਨ ਦਿੱਤੀਆਂ ਹਨ। ਸੱਤ ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ।
ਇਸ ਦੇ ਮੱਦੇਨਜ਼ਰ ਕੇਂਦਰ ਤੇ ਸੂਬਾ ਸਰਕਾਰਾਂ ਨੇ ਅੱਜ ਦੁਪਹਿਰ ਤੱਕ ਹੀ ਜ਼ਰੂਰੀ ਕੰਮ ਨਿਬੇੜ ਲਏ ਸੀ। ਪੰਜਾਬ ਵਿੱਚ ਵੀ ਪੁਲਿਸ ਅਫਸਰਾਂ ਦੀ ਅੱਜ ਵੱਡੀ ਪੱਧਰ ‘ਤੇ ਤਬਾਦਲੇ ਹੋਏ। ਚੋਣ ਕਮਿਸ਼ਨ ਨੇ ਤਾਰੀਖਾਂ ਦੇ ਐਲਾਨ ਲਈ ਐਤਵਾਰ ਚੁਣਿਆ ਹੈ। ਪਿਛਲੀਆਂ 2014 ਵਿੱਚ ਹੋਈਆਂ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਵੀ ਐਤਵਾਰ ਵਾਲੇ ਦਿਨ ਹੀ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਚੋਣ ਕਮਿਸ਼ਨ ’ਤੇ ਪੀਐਮ ਮੋਦੀ ਦੇ ਤੈਅ ਪ੍ਰੋਗਰਾਮਾਂ ਦੇ ਚੱਲਦਿਆਂ ਜਾਣਬੁੱਝ ਦੇ ਤਾਰੀਖ਼ਾਂ ਦੇ ਐਲਾਨ ਵਿੱਚ ਦੇਰੀ ਦਾ ਇਲਜ਼ਾਮ ਲਾ ਰਹੀ ਸੀ।























