

ਮਾਨਸਾ, 9 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ : ਸਿਹਤ ਵਿਭਾਗ ਵੱਲੋਂ 19 ਜਨਵਰੀ 2020 ਨੂੰ ਹੋਣ ਵਾਲੇ ਨੈਸ਼ਨਲ ਪੋਲੀਓ ਰਾਊਂਡ ਸਬੰਧੀ ਵਰਕਸ਼ਾਪ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੀ ਰਹਿਨੁਮਾਈ ਹੇਠ ਕਰਵਾਈ ਗਈ, ਜਿੱਥੇ ਡਾ. ਵਿਕਰਮ ਗੁਪਤਾ ਸਰਵੇਲੈਂਸ ਮੈਡੀਕਲ ਅਫ਼ਸਰ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦੇ ਵਜੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਪਲਸ ਪੋਲੀਓ ਦਾ ਕੌਮੀ ਰਾਊਂਡ 19, 20 ਅਤੇ 21 ਜਨਵਰੀ 2020 ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ 0 ਤੋਂ 5 ਸਾਲ ਤੱਕ ਦੇ 73996 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਲਾਜ਼ਮੀ ਪਿਲਾਈਆਂ ਜਾਣ, ਇਸ ਉਮਰ ਪੜਾਅ ਦਾ ਕੋਈ ਵੀ ਬੱਚਾ ਪੋਲੀਓ ਬੂੰਦ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ ਨੇ ਦੱਸਿਆ ਕਿ ਸਵੈ ਸੇਵੀ ਸੰਸਥਾਵਾਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ, ਪਬਲਿਕ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸਕੂਲਾਂ ਅਤੇ ਚੌਰਾਇਆਂ ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਪੋਲੀਓ ਬੂੰਦਾਂ ਪਿਲਾਉਣ ਲਈ ਰੈਗੂਲਰ ਬੂਥ 381, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਤੇ 13 ਟੀਮਾਂ ਲਗਾਈਆਂ ਗਈਆਂ ਹਨ। ਭੱਠਿਆਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਅਤੇ ਝੁੱਗੀਆਂ ਝੌਂਪੜੀਆਂ ਆਦਿ ਨੂੰ ਕਵਰ ਕਰਨ ਲਈ 15 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਸਾਰੇ ਕੰਮ ਨੂੰ ਨੇਪਰੇ ਚਾੜ੍ਹਨ ਲਈ 76 ਸੁਪਰਵਾਇਜ਼ਰ ਲਗਾਏ ਗਏ ਹਨ।
ਇਸ ਦੌਰਾਨ ਸਾਰੇ ਬਲਾਕਾਂ ਵਿਚ ਬਲਾਕ ਪੱਧਰ ਦੀਆਂ ਟਰੇਨਿੰਗਾਂ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਦੇਖ-ਰੇਖ ਹੇਠ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਿੰਗਾਂ ਵਿਚ ਕਰਮਚਾਰੀਆਂ ਨੂੰ ਪਲਸ ਪੋਲੀਓ ਰਾਊਂਡ ਦੌਰਾਨ ਆਉਣ ਵਾਲੀਆਂ ਮੁਸ਼ਕਿਲਾ ਦਾ ਸਾਹਮਣਾ ਕਰਨ ਲਈ ਟਰੇਨਿੰਗ ਦਿੱਤੀ ਜਾ ਰਹੀ ਹੈ।
ਸਰਵੇਲੈਂਸ ਮੈਡੀਕਲ ਅਫ਼ਸਰ ਡਾ. ਵਿਕਰਮ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਜਿੱਥੇ ਟੀਕਾਕਰਨ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ ਉੱਥੇ ਹੀ ਪੋਲੀਓ ਦੇ ਮਾਮਲੇ ਵਿਚ ਵੀ ਸਾਵਧਾਨੀ ਵਰਤਣ ਦੀ ਜਰੂਰਤ ਹੈ।
ਵਰਕਸ਼ਾਪ ਵਿਚ ਜ਼ਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਨੋਡਲ ਅਫ਼ਸਰ, ਸੀ.ਐਚ.ਓ., ਸੁਪਰਵਾਇਜ਼ਰ, ਮੈਡੀਕਲ ਅਫ਼ਸਰ ਅਤੇ ਬਲਾਕਾਂ ਦੇ ਮਾਸ ਮੀਡੀਆ ਅਫ਼ਸਰ ਮੌਜੂਦ ਸਨ।























