

ਮਾਨਸਾ, 20 ਸਤੰਬਰ (ਸਾਰਾ ਯਹਾ,(ਹੀਰਾ ਮਿੱਤਲ) : ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਗਵਾਈ ਵਿੱਚ ਰਾਸ਼ਟਰੀ ਯੁਵਾ ਦਿਵਸ 2020 ਨੂੰ ਸਮਰਪਿਤ ਯੁਵਕ ਕਲੱਬਾਂ ਦੇ ‘ਮੇਰਾ ਪਿੰਡ-ਮੇਰਾ ਮਾਣ’ ਦੇ ਮੁਕਾਬਲੇ 1 ਅਕਤੂਬਰ ਤੋਂ 20 ਦਸੰਬਰ 2019 ਤੱਕ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਯੂਥ ਕਲੱਬਾਂ ਵੱਲੋਂ ਭਾਗ ਲਿਆ ਜਾਵੇਗਾ। ਇਸ ਸਬੰਧੀ ਅੱਜ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਸ ਯੂਥ ਕਲੱਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਜੋ ਆਪਣੇ ਪਿੰਡ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਵਿੱਚ ਸਫ਼ਲ ਹੋਵੇਗਾ।
ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ 25 ਅਕਤੂਬਰ ਨੂੰ ਇੱਕ ਵਰਕਸ਼ਾਪ ਲਗਾਈ ਜਾਵੇਗੀ ਜਿਸ ਵਿੱਚ ਹਰ ਵਿਭਾਗ ਵੱਲੋਂ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਸਬੰਧੀ ਯੁਵਕ ਕਲੱਬਾਂ ਨੂੰ ਦੱਸਿਆ ਜਾਵੇਗਾ ਕਿ ਪਿੰਡ ਵਿੱਚ ਵਿਭਾਗ ਨਾਲ ਸਬੰਧਤ ਕੀ-ਕੀ ਕੰਮ ਜਾਂ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਮੁਕਾਬਲੇ ਦੌਰਾਨ ਕਈ ਗਤੀਵਿਧੀਆਂ ਦੇ ਮੁਕਾਬਲੇ ਉਲੀਕੇ ਗਏ ਹਨ, ਜਿਨ੍ਹਾਂ ਨਾਲ ਸਬੰਧਤ ਕੰਮਾਂ ਦੇ ਵੱਖ-ਵੱਖ ਅੰਕ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੰਕਾਂ ਸਬੰਧੀ ਹਰ 15 ਦਿਨਾਂ ਬਾਅਦ ਮੁਲਾਂਕਣ ਕੀਤਾ ਜਾਵੇਗਾ ਅਤੇ ਜੋ ਕਲੱਬ ਆਪਣੇ ਪਿੰਡ ਵਿੱਚ ਲਗਾਤਾਰ ਇਨ੍ਹਾਂ ਗਤੀਵਿਧੀਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਨਗੇ, ਉਨ੍ਹਾਂ ਨੂੰ ਨਕਦ ਇਨਾਮ ਅਤੇ ਪ੍ਰਸ਼ੰਸ਼ਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕੋਈ ਕਲੱਬ ਪੂਰੇ ਪਿੰਡ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲੱਗਣ ਦੇਵੇਗਾ, ਤਾਂ ਉਸਦਾ ਨਕਦ ਇਨਾਮ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਾਫ਼-ਸਫਾਈ, ਨਸ਼ਾ ਵਿਰੋਧੀ ਮੁਹਿੰਮ, ਪੌਦੇ ਲਗਾਉਣੇ ਅਤੇ ਸੰਭਾਲ ਕਰਨੀ, ਖੂਨਦਾਨ, ਸਵੇਰ ਦੀ ਸੈਰ, ਖੇਡਾਂ, ਪਰਾਲੀ ਨਾ ਸਾੜਨਾ, ਪਾਣੀ ਬਚਾਓ, ਸਕੂਲ ਦੀ ਸੰਭਾਲ/ਸੇਵਾ, ਲੜਕੀਆਂ ਦੀ ਭਾਗੀਦਾਰੀ, ਪਸ਼ੂਆਂ ਦੇ ਰਿਫਲੈਕਟਰ ਲਗਾਉਣਾ ਤੋਂ ਇਲਾਵਾ ਹੋਰ ਵੀ ਕਈ ਕੰਮਾਂ ਜਿਵੇਂ ਕੈਂਪ ਲਗਾਉਣਾ, ਮੈਡੀਕਲ, ਖੇਤੀ, ਪਿੰਡ ਦੇ ਭਲੇ ਲਈ ਨਿਵੇਕਲਾ ਕੰਮ ਆਦਿ ਨੂੰ ਸੁਚੱਜੇ ਢੰਗ ਨਾਲ ਕਰਨ ਵਾਲੇ ਪਿੰਡਾਂ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਰਘਬੀਰ ਸਿੰਘ ਮਾਨ, ਸਹਾਇਕ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਿਨਾਸ਼ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ਼੍ਰੀ ਸਰਬਜੀਤ ਸਿੰਘ ਬੇਦੀ, ਪ੍ਰਬੰਧਕੀ ਅਫ਼ਸਰ ਨਹਿਰੂ ਯੁਵਾ ਕੇਂਦਰ ਸ਼੍ਰੀ ਸੰਦੀਪ ਘੰਡ, ਕੋਆਰਡੀਨੇਟਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ ਸਿੱਧੂ, ਡਾ. ਚਮਨਦੀਪ ਸਿੰਘ, ਸ਼੍ਰੀ ਸਮਸੇਰ ਸਿੰਘ, ਸ਼੍ਰੀ ਸੰਗਰਾਮਜੀਤ ਸਿੰਘ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।























