

ਮਾਨਸਾ, 06 ਮਈ(ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਨਸਾ ਵੱਲੋਂ ਭੈਣੀਬਾਘਾ ਦੇ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਠੂਠਿਆਂਵਾਲੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸੰਬੋਧਨ ਕਰਦਿਆਂ ਕਾਉਂਸਲਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰਾਜਿੰਦਰ ਕੁਮਾਰ ਨੇ ਬੱਚਿਆਂ ਦੇ ਅਧਿਕਾਰਾਂ ਅਤੇ ਬੱਚਿਆਂ ਦੇ ਸ਼ੋਸ਼ਣ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿਚ ਬੱਚਿਆਂ ਦੀ ਸੁਰੱਖਿਆ ਇਕ ਗੰਭੀਰ ਮੁੱਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਹੀ ਬਾਲ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਬੱਚਿਆਂ ਨਾਲ ਹੋ ਰਹੇ ਜੁਰਮ, ਸ਼ੋਸ਼ਣ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਜਾਂ ਚਾਈਲਡ ਹੈਲਪਲਾਈਨ ਤੇ ਸੰਪਰਕ ਕੀਤਾ ਜਾਵੇ।
ਚਾਈਲਡ ਹੈਲਪਲਾਈਨ ਟੀਮ ਦੇ ਮੈਂਬਰ ਮਨੋਜ ਕੁਮਾਰ ਨੇ 1098 ਚਾਈਲਡ ਹੈਲਪਲਾਈਨ ਨੰਬਰ ਅਤੇ ਬਾਲ ਜਿਣਸੀ ਸ਼ੋਸ਼ਣ ਐਕਟ 2012, ਗੁੱਡ ਟੱਚ, ਬੈਡ ਟੱਚ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਪ੍ਰਤੀ ਹੋ ਰਹੇ ਕਿਸੇ ਵੀ ਤਰਾਂ ਦੇ ਸ਼ੋਸ਼ਣ ਜਾਂ ਜੁਰਮ ਸਬੰਧੀ ਸ਼ਿਕਾਇਤ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾ ਸਕਦੀ ਹੈ। ਇਸ ਮੌਕੇ ਸਕੂਲ ਮੁਖੀ ਡੇਜ਼ੀ ਰਾਣੀ, ਰਾਜ ਕੁਮਾਰ, ਗਗਨਦੀਪ ਕੌਰ, ਸੁਖਦੀਪ ਰਾਣੀ ਅਤੇ ਸਕੂਲ ਦੇ ਬੱਚੇ ਮੌਜੂਦ ਸਨ।























