

ਚੰਡੀਗੜ੍ਹ: ਪੰਜਾਬ ਦੀ ਜਨਤਾ ਕੈਪਟਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਤੋਂ ਖੁਸ਼ ਨਹੀਂ। ਇਹ ਵਿਰੋਧੀ ਧਿਰਾਂ ਹੀ ਨਹੀਂ ਸਗੋਂ ਕਾਂਗਰਸੀ ਵਿਧਾਇਕ ਤੇ ਕੁਝ ਮੰਤਰੀ ਵੀ ਸਾਫ-ਸਾਫ ਕਹਿ ਰਹੇ ਹਨ। ਅਜਿਹੇ ਵਿੱਚ ਕੈਪਟਨ ਸਰਕਾਰ ਹੁਣ ਲੋਕਾਂ ਦੀਆਂ ਤਕਲੀਫਾਂ ਦਾ ਹੱਲ਼ ਕਰਨ ਲਈ ਹੱਥ-ਪੈਰ ਮਾਰਨ ਲੱਗੀ ਹੈ।
ਕੈਪਟਨ ਸਰਕਾਰ ਨੇ ਜਨਤਾ ਨੂੰ ਇੱਕੋ ਮੰਚ ’ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਐਮਸੇਵਾ ਮੋਬਾਈਲ ਐਪ ਜਾਰੀ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਹੁਣ ਸਮਾਰਟ ਫੋਨ ’ਤੇ ਇੱਕ ਬਟਨ ਦਬਾਇਆਂ ਉਪਲੱਬਧ ਹੋਣਗੀਆਂ।
http://State launches mSEWA app to provide access to Govt services
ਕੈਪਟਨ ਨੇ ਐਪ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੀਆਂ ਵੱਖੋ-ਵੱਖਰੀਆਂ ਐਪ ਦੀ ਵਰਤੋਂ ਕਰਨ ਦੀ ਬਜਾਏ ਸੂਬਾ ਵਾਸੀ ਹੁਣ ਇੱਕੋ ਮੋਬਾਈਲ ਐਪ ਨਾਲ ਸਾਰੀਆਂ ਸਰਕਾਰੀ ਸੇਵਾਵਾਂ ਆਸਾਨੀ ਨਾਲ ਬਿਨਾਂ ਕਿਸੇ ਮੁਸ਼ਕਲ ਤੋਂ ਹਾਸਲ ਕਰ ਸਕਣਗੇ। ਸਰਕਾਰ ਵੱਲੋਂ ਨਾਗਰਿਕ ਪੱਖੀ ਡਿਜੀਟਲ ਉਦਮਾਂ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਉਂਦਿਆ ਉਨ੍ਹਾਂ ਕਿਹਾ ਕਿ ਹੁਣ ਸੂਬਾ ਵਾਸੀ ਆਪਣੇ ਨਿੱਜੀ ਦਸਤਾਵੇਜ਼ ਐਮਸੇਵਾ ਮੋਬਾਈਲ ਰਾਹੀਂ ਆਪਣੇ ਡਿਜੀਲੌਕਰ ’ਚ ਰੱਖ ਸਕਦੇ ਹਨ। ਇਹ ਐਪ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਐਨਡੋਰਾਇਡ ਤੇ ਆਈਓਐਸ ਸਮਾਰਟ ਫੋਨਾਂ ਉਪਰ ਉਪਲੱਬਧ ਹੋਵੇਗੀ।
ਪ੍ਰਸ਼ਾਸਕੀ ਸੁਧਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੁਣ ਇੱਕੋ ਮੋਬਾਈਲ ਐਪ ਜ਼ਰੀਏ ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮਾਲ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ, ਪੰਜਾਬ ਰਾਜ ਮੰਡੀਕਰਨ ਬੋਰਡ, ਪੰਜਾਬ ਪੁਲਿਸ, ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਿਟੀ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਣਗੀਆਂ। ਐਪ ਦੀ ਵਰਤੋਂ ਕਰਨ ਵਾਲੇ ਰਾਸ਼ੀ ਦਾ ਭੁਗਤਾਨ ਵੀ ਆਨਲਾਈਨ ਕਰ ਸਕਣਗੇ। ਇਸ ਤੋਂ ਬਾਅਦ ਸੇਵਾ ਦੇ ਸਟੇਟਸ ਨੂੰ ਟਰੈਕ ਵੀ ਐਮਸੇਵਾ ਜਾਂ ਸੇਵਾ ਕੇਂਦਰ ਰਾਹੀਂ ਕੀਤਾ ਜਾ ਸਕੇਗਾ।























