ਹੁਣ ਘਰਾਂ ਅਤੇ ਦੁਕਾਨਾਂ ਦੇ ਨਕਸ਼ੇ ਹੋਣਗੇ ਆਨ-ਲਾਈਨ ਪਾਸ : ਡਿਪਟੀ ਕਮਿਸ਼ਨਰ

0
60

ਮਾਨਸਾ, 17 ਦਸੰਬਰ (ਬਲਜੀਤ ਸ਼ਰਮਾ) : ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਨਗਰ ਕੌਂਸਲ ਮਾਨਸਾ ਵੱਲੋਂ ਘਰਾਂ ਅਤੇ ਦੁਕਾਨਾਂ ਦੇ ਨਕਸ਼ੇ ਆਨ-ਲਾਈਨ ਪ੍ਰਣਾਲੀ ਰਾਹੀਂ ਪਾਸ ਕਰਨ ਦੀ ਸ਼ੁਰੂਆਤ ਕੀਤੀ ਗਈ। ਆਨ ਲਾਈਨ ਨਕਸ਼ਾ ਪਾਸ ਕਰਨ ਦੇ ਇਸ ਕੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਇਕ ਨਕਸ਼ਾ ਆਨ-ਲਾਈਨ ਦਰਜ ਕਰਕੇ ਕੀਤੀ ਗਈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨਕਸ਼ੇ ਮੈਨੂਅਲ ਪ੍ਰਣਾਲੀ ਰਾਹੀਂ ਪਾਸ ਕੀਤੇ ਜਾਂਦੇ ਸਨ। ਇਸ ਕੰਮ ਨੂੰ ਬਹੁਤ ਹੀ ਘੱਟ ਸਮੇਂ ‘ਚ ਮਾਨਸਾ ਨਗਰ ਕੌਂਸਲ ਦੇ ਮਿਊਂਸਪਲ ਇੰਜੀਨਿਅਰ ਸ਼੍ਰੀ ਅਵਤਾਰ ਸਿੰਘ ਨੱਤ ਨੇ ਆਪਣੀ ਅਗਵਾਈ ਹੇਠ ਨੇਪਰੇ ਚੜ੍ਹਾਇਆ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਆਨ-ਲਾਈਨ ਰਾਹੀਂ ਨਕਸ਼ੇ ਪਾਸ ਹੋਣ ਨਾਲ ਲੋਕਾਂ ਦੀ ਸਹੂਲਤ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਦਾ ਕੀਮਤੀ ਸਮਾਂ ਵੀ ਬਚੇਗਾ ਕਿਉਂ ਕਿ ਨਕਸ਼ਾ ਮਿੱਥੇ ਸਮੇਂ ਅੰਦਰ ਆਪਣੇ ਆਪ ਹੀ ਪਾਸ ਹੋ ਜਾਵੇਗਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਅਵਤਾਰ ਸਿੰਘ ਨੱਤ ਨੇ ਦੱਸਿਆ ਕਿ ਲੋਕਾਂ ਨੂੰ ਹੁਣ ਨਕਸ਼ੇ ਪਾਸ ਕਰਵਾਉਣ ਲਈ ਨਗਰ ਕੌਂਸਲ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਪਕ੍ਰਿਆ  ਤਹਿਤ ਬਿਨੈਕਾਰ ਵੱਲੋਂ ਆਪਣੇ ਦਸਤਾਵੇਜ਼ ਸਮੇਤ ਨਕਸ਼ਾ ਆਰਕੀਟੈਕਟ ਕੋਲ ਅਪਲਾਈ ਕੀਤਾ ਜਾਵੇਗਾ ਅਤੇ ਇਸ ਉਪਰੰਤ ਆਰਕੀਟੈਕਟ ਵੱਲੋਂ ਨਕਸ਼ਾ ਬਿਲਡਿੰਗ ਬਾਈਲਾਜ਼ ਅਨੁਸਾਰ ਤਿਆਰ ਕਰਕੇ ਸਕਰੂਟਨੀ ਇੰਜਨ ਸਾਫ਼ਟਵੇਅਰ ‘ਤੇ ਪਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਕਸ਼ੇ ਦੀ ਸਕਰੂਟਨੀ ਹੋਣ ਉਪਰੰਤ ਨਕਸ਼ਾ ਨਗਰ ਕੌਂਸਲ ਦੇ ਅਕਾਊਂਟ ਵਿੱਚ ਆ ਜਾਵੇਗਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਨਕਸ਼ੇ ਅਤੇ ਫੀਸਾਂ ਚੈਕ ਕਰਨ ਉਪਰੰਤ ਆਨ-ਲਾਈਨ ਹੀ ਪਾਸ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਕਸ਼ੇ ਨਾਲ ਸਬੰਧਤ ਫੀਸਾਂ ਵੀ ਆਨ-ਲਾਈਨ ਹੀ ਜਮ੍ਹਾ ਕਰਵਾਈਆਂ ਜਾਣਗੀਆਂ। ਪਾਸ ਹੋਇਆ ਨਕਸ਼ੇ ਦਾ ਪ੍ਰਿੰਟ ਵੀ ਬਿਨੈਕਾਰ ਆਨ-ਲਾਈਨ ਹੀ ਕੱਢ ਸਕਦਾ ਹੈ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸ਼੍ਰੀ ਮਨਦੀਪ ਸਿੰਘ ਗੋਰਾ, ਕਾਰਜ ਸਾਧਕ ਅਫ਼ਸਰ ਸ਼੍ਰੀ ਵਿਜੈ ਕੁਮਾਰ ਜਿੰਦਲ, ਮਿਊਂਸਪਲ ਇੰਜੀਨਿਅਰ ਸ਼੍ਰੀ ਅਵਤਾਰ ਸਿੰਘ ਨੱਤ, ਜੂਨੀਅਰ ਇੰਜੀਨਿਅਰ ਸ਼੍ਰੀ ਮੇਜਰ ਸਿੰਘ, ਸ਼੍ਰੀ ਸੁਨੀਲ ਕੁਮਾਰ ਅਤੇ ਸ਼੍ਰੀ ਮੁਨੀਸ਼ ਜਿੰਦਲ ਮੌਜੂਦ ਸਨ।


EDITED BY : SARA YAHA | | Last Updated : 7:00PM 18 ਦਸੰਬਰ  2018

LEAVE A REPLY

Please enter your comment!
Please enter your name here