ਹਿਮਾਚਲ ‘ਚ ਮੀਂਹ ਕਾਰਨ ਹੋਰ 19 ਮੌਤਾਂ, ਭਾਖੜਾ ਤੇ ਪੌਂਗ ਡੈਮ ‘ਚ ਪਾਣੀ ਦੇ ਪੱਧਰ ਨੇ ਤੋੜੇ ਰਿਕਾਰਡ

0
4

ਸ਼ਿਮਲਾ (ਸਾਰਾ ਯਹਾ): ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮੌਤਾਂ ਦੀ ਗਿਣਤੀ 19 ਤਕ ਪਹੁੰਚ ਗਈ ਹੈ। ਮੰਗਲਵਾਰ ਨੂੰ ਕਾਂਗੜਾ ਜ਼ਿਲ੍ਹੇ ਵਿੱਚ ਪੰਜ ਸਾਲਾ ਬੱਚੇ ਦੇ ਡੁੱਬ ਜਾਣ ਦੀ ਖ਼ਬਰ ਆਈ, ਜਿਸ ਨਾਲ ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਤੋਂ 19 ਹੋ ਗਈ। ਉੱਧਰ, ਇਸ ਭਾਰੀ ਮੀਂਹ ਕਾਰਨ ਭਾਖੜਾ ਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਰਿਕਾਰਡ ਪੱਧਰ ਤਕ ਪਹੁੰਚ ਗਿਆ ਹੈ।

ਉਂਝ, ਲਗਾਤਾਰ ਪੈ ਰਹੀ ਬਾਰਿਸ਼ ਹੁਣ ਬੰਦ ਹੈ ਪਰ ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਅਗਲੇ ਪੰਜ ਦਿਨ ਹੋਰ ਮੀਂਹ ਪੈਣ ਦੇ ਆਸਾਰ ਹਨ। ਆਉਣ ਵਾਲੇ ਤਿੰਨ ਦਿਨ ਹਲਕੀ ਤੋਂ ਦਰਮਿਆਨੀ ਬਾਰਸ਼ ਹੋਵੇਗੀ। ਸ਼ਿਮਲਾ ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੇ ਪੰਜ ਦਿਨ ਭਾਰੀ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਜ ਚੰਬਾ, ਕਾਂਗੜਾ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਅਤੇ ਗਰਜ ਨਾਲ ਕਣੀਆਂ ਪੈ ਸਕਦੀਆਂ ਹਨ।

ਭਾਖੜਾ ਡੈਮ ਅਤੇ ਪੌਂਗ ਬੰਨ੍ਹਾਂ ਦੇ ਪਾਣੀ ਦੇ ਪੱਧਰ ’ਚ ਕ੍ਰਮਵਾਰ 10-11 ਫੁੱਟ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਭਾਖੜਾ ਡੈਮ ਵਿੱਚ ਅਜਿਹੇ ਹਾਲਾਤ 11 ਸਾਲ ਪਹਿਲਾਂ ਜਦੋਂ ਕਿ ਪੌਂਗ ਡੈਮ ’ਚ 20 ਸਾਲ ਪਹਿਲਾਂ ਬਣੇ ਸਨ। ਬੀਤੇ ਕਈ ਦਿਨਾਂ ਤੋਂ ਹੋ ਰਹੀ ਜ਼ੋਰਦਾਰ ਬਾਰਸ਼ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿਸ ਤੇਜ਼ੀ ਨਾਲ ਡੈਮਾਂ ’ਚ ਪਾਣੀ ਆ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ 21 ਸਤੰਬਰ ਤੱਕ ਡੈਮਾਂ ਵਿੱਚ ਲੋੜੀਂਦਾ ਪਾਣੀ ਇਕੱਠਾ ਹੋ ਜਾਵੇਗਾ।

ਬੀਬੀਐਮਬੀ ਦੇ ਅਧਿਕਾਰੀਆਂ ਅਨੁਸਾਰ ਅੱਜ ਸ਼ਾਮ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦਾ ਪਾਣੀ ਦਾ ਪੱਧਰ 1611.40 ਫੁੱਟ ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਅੱਜ ਸ਼ਾਮ ਪਾਣੀ ਦਾ ਪੱਧਰ 1350.44 ਫੁੱਟ ਸੀ। ਇਹੀ ਨਹੀਂ ਬੀਤੇ ਦਿਨ ਦੇ ਮੁਕਾਬਲੇ ਪੌਂਗ ਅੰਦਰ ਕਰੀਬ 12 ਫੁੱਟ ਦਾ ਵਾਧਾ ਦਰਜ ਕੀਤਾ ਗਿਆ ਹੈ।


EDITED BY : SARA YAHA | | Last Updated :9:40 am 15 august 2018

LEAVE A REPLY

Please enter your comment!
Please enter your name here