*ਹਵਾ ਪ੍ਰਦੂਸ਼ਣ ਬੱਚਿਆਂ, ਬਜ਼ੁਰਗਾਂ,ਗਰਭਵਤੀ ਔਰਤਾਂ ਅਤੇ ਦਿਲ ਦੇ ਮਰੀਜ਼ਾਂ ਲਈ ਵਧੇਰੇ ਹਾਨੀਕਾਰਕ-ਸਿਵਲ ਸਰਜਨ*

0
36

ਮਾਨਸਾ, 04 ਨਵੰਬਰ: (ਸਾਰਾ ਯਹਾਂ/ਮੁੱਖ ਸੰਪਾਦਕ)

            ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਵੱਲੋਂ ਹਵਾ ਪ੍ਰਦੂਸ਼ਣ ਬਾਰੇ ਸਲਾਹਕਾਰੀ ਜਾਰੀ ਕਰਦਿਆਂ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਗਈ।

            ਸਿਵਲ ਸਰਜਨ ਨੇ ਕਿਹਾ ਕਿ ਪ੍ਰਦੂਸ਼ਣ ਵਧਣ ਕਾਰਨ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਵਿਗੜਦਾ ਹਵਾ ਗੁਣਵੱਤਾ ਸੂਚਕ ਅੰਕ ਲੋਕਾਂ ਵਿੱਚ ਰੋਗ ਅਤੇ ਮੌਤ ਦਰ ਨੂੰ ਵਧਾਉਂਦਾ ਹੈ l ਹਵਾ ਪ੍ਰਦੂਸ਼ਣ ਨਾਲ ਖਾਸ ਕਰਕੇ ਕਮਜ਼ੋਰ ਆਬਾਦੀ ਜਿਵੇਂ ਕਿ ਬੱਚੇ, ਗਰਭਵਤੀ ਔਰਤਾਂ, ਬਜ਼ੁਰਗ, ਲੰਬੇ ਸਮੇਂ ਤੋਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ, ਪੁਲਿਸ ਕਰਮਚਾਰੀ ਅਤੇ ਮਿਊਂਸਪਲ ਕਰਮਚਾਰੀ ਵੱਧ ਪ੍ਰਭਾਵਿਤ ਹੁੰਦੇ ਹਨ l

                ਉਨਾਂ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਲੋਕਾਂ ਨੂੰ ਸਲਾਹ ਦਿੱਤੀ ਕਿ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ, ਆਪਣੇ ਘਰ ਤੋਂ ਬਾਹਰ ਜਾਣ ਵਾਲੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਸਮੇਂ ਏ.ਕਿਯੂ.ਆਈ. (ਏਅਰ ਕੁਆਲਿਟੀ ਇਨਡੈਕਸ) ਦੀ ਜਾਂਚ ਕਰਕੇ ਹੀ ਬਾਹਰ ਨਿਕਲਿਆ ਜਾਵੇ। ਏ.ਕਿਯੂ.ਆਈ. ਦੀ ਜਾਂਚ ਲਈ ਸੀ.ਪੀ.ਸੀ.ਬੀ. ਵੈਬਸਾਈਟ ਉਪਲੱਬਧ ਹੈ।  ਜਦੋਂ ਏ.ਕਿਯੂ.ਆਈ. ਲੈਵਲ 200 ਤੋਂ ਵੱਧ ਹੋਵੇ ਬਾਹਰੀ ਥਾਵਾਂ ‘ਤੇ ਸਵੇਰ ਅਤੇ ਸ਼ਾਮ ਦੀ ਸੈਰ ਤੋਂ ਪਰਹੇਜ ਕੀਤਾ ਜਾਵੇ, ਜੌਗਿੰਗ, ਦੌੜਨ ਅਤੇ ਹੋਰ ਮਿਹਨਤ ਕਰਨ ਵਾਲੀਆਂ ਸਰੀਰਕ ਗਤੀਵਿਧੀਆਂ ਤੋਂ ਪਰਹੇਜ਼ ਕੀਤਾ ਜਾਵੇ, ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰੀ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹਣ ਤੋਂ ਪਰਹੇਜ਼ ਕੀਤਾ ਜਾਵੇ, ਜੇਕਰ ਕਿਸੇ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ, ਖੰਘ, ਛਾਤੀ ਵਿੱਚ ਬੇਅਰਾਮੀ ਜਾਂ ਦਰਦ ਹੁੰਦਾ ਹੈ ਜਾਂ ਚੱਕਰ ਆਉਂਦੇ ਹਨ, ਅੱਖਾਂ ਵਿੱਚ ਜਲਨ ਹੋਵੇ ਤਾਂ ਤੁਰੰਤ ਨਜ਼ਦੀਕੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈl

                 ਗਰਭਵਤੀ ਔਰਤਾਂ, ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਪ੍ਰਦੂਸ਼ਣ ਵਾਲੀਆਂ ਥਾਵਾਂ ਤੇ ਜਾਣ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰਨਾ ਚਾਹੀਦਾ ਹੈ l ਲੰਬੇ ਸਮੇਂ ਤੋਂ ਪਲਮੋਨਰੀ ਜਾਂ ਕਾਰਡੀਓ ਵੈਸਕੂਲਰ ਸਮੱਸਿਆ (ਦਿਲ ਦੀਆਂ ਬਿਮਾਰੀ ) ਵਾਲੇ ਮਰੀਜ਼ਾਂ ਨੂੰ ਇਸ ਹਵਾ ਦੇ ਪ੍ਰਦੂਸ਼ਣ ਤੋਂ ਬਚਣਾ ਚਾਹੀਦਾ ਹੈ l ਜੇਕਰ ਖਰਾਬ ਅਤੇ ਗੰਭੀਰ ਪ੍ਰਦੂਸ਼ਣ ਦੇ ਦਿਨਾਂ ਵਿੱਚ ਲੱਛਣ ਵਿਗੜਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਣੀ ਚਾਹੀਦੀ ਹੈ l ਪ੍ਰਦੂਸ਼ਣ ਨੂੰ ਘਟਾਉਣ ਲਈ ਕਿਸੇ ਵੀ ਕਿਸਮ ਦੇ ਲੱਕੜ, ਪੱਤਿਆਂ, ਫਸਲਾਂ ਦੀ ਰਹਿੰਦ -ਖੂਹੰਦ ਨੂੰ ਵਾਤਾਵਰਨ ਵਿੱਚ ਸਾੜਨ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ, ਪਟਾਕੇ ਚਲਾਉਣ ਤੋਂ ਪਰਹੇਜ਼ ਕਰੋ। ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਲਈ ਐਂਟੀ ਆਕਸੀਡੈਂਟਾਂ ਨਾਲ ਭਰਪੂਰ ਮੌਸਮੀ ਫਲਾਂ ਤੇ ਸਬਜ਼ੀਆਂ ਖਾਣ ਦੇ ਨਾਲ ਹਾਈਡਰੇਸ਼ਨ ਬਣਾਈ ਰੱਖਣ ਵਿੱਚ ਲੋੜੀਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ, ਖਰਾਬ ਅਤੇ ਗੰਭੀਰ ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਬਾਹਰ ਜਾਣ ਵੇਲੇ ਐਨ 95 ਜਾਂ ਐਨ 99 ਮਾਸਕ ਅਤੇ ਜੇਕਰ ਸੰਭਵ ਹੋਵੇ ਤਾਂ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘਟਾਉਣ ਲਈ ਏਅਰਪਿਓਰੀਫਾਈ ਦੀ ਵਰਤੋਂ ਕਰਨੀ ਚਾਹੀਦੀ ਹੈ।

             ਬਾਹਰੀ ਪ੍ਰਦੂਸ਼ਿਤ ਹਵਾ ਦੇ ਸੰਪਰਕ ਤੋਂ ਬਚਣ ਲਈ ਇਮਾਰਤਾਂ ਅਤੇ ਵਾਹਨ ਵਿੱਚ ਏਅਰ ਕੰਡੀਸ਼ਨ ਰੀਸਰਕੁਲਰ ਮੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ l ਸਿਗਰਟ, ਬੀੜੀ ਅਤੇ ਹੋਰ ਸਬੰਧਤ ਤੰਬਾਕੂ ਉਤਪਾਦਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ, ਗੰਭੀਰ ਹਵਾ ਪ੍ਰਦੂਸ਼ਣ ਦੌਰਾਨ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸ਼ੀਸ਼ੇ, ਖਿੜਕੀਆਂ ਬੰਦ ਕਰਕੇ ਵਾਹਨ ਚਲਾਉਣੇ ਚਾਹੀਦੇ ਹਨ l ਘਰ ਅੰਦਰ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟਾਉਣ ਲਈ ਬੰਦ ਇਮਾਰਤਾਂ ਵਿੱਚ ਮੱਛਰਾਂ ਦੇ ਕੁਆਇਲ ਅਤੇ ਅਗਰਬੱਤੀ ਨੂੰ ਸਾੜਨ ਤੋਂ ਪਰਹੇਜ਼ ਕੀਤਾ ਜਾਵੇ l ਹਵਾ ਪ੍ਰਦੂਸ਼ਣ ਵਾਲੇ ਦਿਨਾਂ ਦੌਰਾਨ ਜਿਆਦਾ ਆਵਾਜਾਈ ਵਾਲੇ ਰਸਤਿਆਂ ਵਿੱਚ ਲੰਬਾ ਸਮਾਂ ਬਿਤਾਉਣ ਤੋਂ ਪਰਹੇਜ਼ ਕੀਤਾ ਜਾਵੇ, ਜਿਆਦਾ ਟਰੈਫਿਕ ਵਾਲੇ ਖੇਤਰਾਂ ਦੇ ਨੇੜੇ ਕਸਰਤ ਕਰਨ ਤੋਂ ਪਰੇਜ ਕਰਨਾ ਜਰੂਰੀ ਹੈ l

                ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਗੰਭੀਰ ਹਵਾ ਪ੍ਰਦੂਸ਼ਣ ਕਾਰਨ ਕਿਸੇ ਮਰੀਜ਼, ਵਿਅਕਤੀ,ਬੱਚੇ, ਬਜ਼ੁਰਗ, ਗਰਭਵਤੀ ਔਰਤ ਨੂੰ ਸਾਹ ਲੈਣ ਵਿੱਚ ਮੁਸ਼ਕਲ ਜਾਂ ਕੋਈ ਗੰਭੀਰ ਸਥਿਤੀ ਪੈਦਾ ਹੁੰਦੀ ਹੈ ਤਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਤੁਰੰਤ ਸੰਪਰਕ ਕੀਤਾ ਜਾਵੇ।

LEAVE A REPLY

Please enter your comment!
Please enter your name here