

ਮਾਨਸਾ, 4 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਲਗਾਤਾਰ ਖੇਤਾਂ ਵਿਚ ਡਟੇ ਹੋਏ ਹਨ, ਕਿਸਾਨਾਂ ਨੂੰ ਜਿੱਥੇ ਇਨ ਸੀਟੂ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਓਥੇ ਬੇਲਰਾਂ ਦਾ ਪ੍ਰਬੰਧ ਕਰਕੇ ਗੱਠਾਂ ਬਣਵਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ, ਆਈ ਏ ਐੱਸ ਨੇ ਦੱਸਿਆ ਕਿ ਉਹ ਖੁਦ ਰੋਜ਼ਾਨਾ ਪੱਧਰ ‘ਤੇ ਪਿੰਡਾਂ ਦਾ ਦੌਰਾ ਕਰਕੇ ਅਗਾਂਹਵਧੂ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਓਨ੍ਹਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦੂਜੇ ਕਿਸਾਨਾਂ ਨੂੰ ਵੀ ਪਰਾਲੀ ਦੇ ਵਾਤਾਵਰਨ ਪੱਖੀ ਨਿਬੇੜਾ ਲਈ ਪ੍ਰੇਰਿਤ ਕਰਨ।
ਓਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੇ ਅਧਿਕਾਰੀ, ਖੇਤੀਬਾੜੀ ਅਧਿਕਾਰੀ, ਕਲੱਸਟਰ, ਨੋਡਲ ਅਫ਼ਸਰ ਖੇਤਾਂ ਵਿਚ ਡਟੇ ਹੋਏ ਹਨ, ਜਿਹੜੇ ਕਿ ਕੋਈ ਵੀ ਘਟਨਾ ਪਤਾ ਲੱਗਣ ‘ਤੇ ਮੌਕੇ ‘ਤੇ ਪਹੁੰਚ ਜਾਂਦੇ ਹਨ। ਓਨ੍ਹਾਂ ਦੱਸਿਆ ਕਿ ਕਿਸਾਨਾਂ ਦਾ ਬੇਲਰ ਮਾਲਕਾਂ ਨਾਲ ਰਾਬਤਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਓਨ੍ਹਾਂ ਨੂੰ ਦਿੱਕਤ ਨਾ ਆਵੇ। ਓਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 15 ਤਰ੍ਹਾਂ ਦੀ ਪ੍ਰਾਈਵੇਟ ਇੰਡਸਟਰੀ ਪਰਾਲੀ ਲੈ ਰਹੀ ਹੈ। ਪਰਾਲੀ ਪ੍ਰਬੰਧਨ ਲਈ ਸਬਸਿਡੀ ‘ਤੇ ਦਿੱਤੇ 165 ਬੇਲਰ ਅਤੇ 30 ਬੇਲਰ ਪ੍ਰਾਈਵੇਟ ਤੌਰ ‘ਤੇ ਪਰਾਲੀ ਪ੍ਰਬੰਧਨ ਕਰ ਰਹੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਮਾਨਸਾ ਵਿੱਚ ਝੋਨੇ ਦੀ ਬਿਜਾਈ 1,45,839 ਹੈਕਟੇਅਰ ਰਕਬੇ ਵਿੱਚ ਕੀਤੀ ਗਈ, ਜਿਸ ਤੋਂ ਅੰਦਾਜਨ 9.18 ਲੱਖ ਮੀ.ਟਨ ਪਰਾਲੀ ਬਣਨੀ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 85% ਤੋਂ ਵੱਧ ਫਸਲ ਦੀ ਕਟਾਈ ਹੋ ਚੁੱਕੀ ਹੈ ਅਤੇ ਇਸ ਤੋਂ ਬਣੀ 58% ਪਰਾਲੀ ਦਾ ਪ੍ਰਬੰਧਨ ਵਿਭਾਗ ਵੱਲੋਂ ਵੱਖ ਵੱਖ ਮਸ਼ੀਨਾਂ ਰਾਹੀਂ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਨਸੀਟੂ ਤਕਨੀਕ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਵਿਭਾਗ ਵੱਲੋਂ ਸਬਸਿਡੀ ‘ਤੇ ਦਿੱਤੀਆਂ 5048 ਮਸ਼ੀਨਾਂ ਜਿਵੇਂ ਕਿ ਪੈਡੀ ਸਟਰਾਅ ਚੌਪਰ, ਮਲਚਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਹੈਪੀ ਸੀਡਰ ਆਦਿ ਰਾਹੀਂ ਕਿਸਾਨ ਪਰਾਲੀ ਪ੍ਰਬੰਧਨ ਕਰ ਰਹੇ ਹਨ।
ਓਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾਉਣ ਬਲਕਿ ਇਸਦਾ ਵਾਤਾਵਰਨ ਪੱਖੀ ਨਿਬੇੜਾ ਕਰਨ।























