

ਮਾਨਸਾ 3 ਮਈ (ਸਾਰਾ ਯਹਾਂ/ਜੋਨੀ ਜਿੰਦਲ) : ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਰਜਿ.295 ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ , ਸੂਬਾ ਸਕੱਤਰ ਗੁਰਮੇਲ ਮਾਛੀਕੇ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਡੇਰਾ ਬਸੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਵੀਡੀਓ ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ਼ ਵਰਤੀ ਭੱਦੀ ਸ਼ਬਦਾਂਵਲੀ ਦਾ ਨੋਟਿਸ ਲੈਂਦਿਆਂ ਸੂਬਾ ਆਗੂਆਂ ਨੇ ਹਲਕਾ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਅਤੇ ਕਿਹਾ ਕਿ ਜਿੰਨਾਂ ਮੈਡੀਕਲ ਪ੍ਰੈਕਟੀਸ਼ਨਰਾਂ ਪ੍ਰਤੀ ਤੁਸੀਂ ਘਟੀਆ ਸ਼ਬਦਾਂ ਦੀ ਵਰਤੋਂ ਕਰ ਰਹੇ ਹੋ ਉਹ ਹੀ ਰਜਿਸਟ੍ਰੇਸ਼ਨ ਅਤੇ ਡਿਗਰੀ ਦੀ ਅਣਹੋਂਦ ਦੇ ਹੁੰਦਿਆਂ ਵੀ ਲੰਮੇ ਤਜਰਬੇ ਅਤੇ ਲੋਕਾਂ ਵਿੱਚ ਵਿਚਰਨ ਕਾਰਨ ਲੋਕਾਂ ਦੇ ਚਹੇਤੇ ਵੀ ਹਨ ਅਤੇ ਲੋੜਵੰਦ ਲੋਕਾਂ ਨੂੰ 24 ਘੰਟੇ ਉਧਾਰੀਆਂ ਸੁਧਾਰੀਆਂ ਮੁਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕਰੋਨਾ ਅਤੇ ਕੁਦਰਤੀ ਆਫ਼ਤਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹਨ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਅਤੇ ਵਿਧਾਨ ਸਭਾ ਵਿੱਚ ਉਹਨਾਂ ਦੀ ਪਾਰਟੀ ਦੇ ਵਿਧਾਇਕ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦੀ ਮੰਗ ਉਠਾ ਰਹੇ ਹਨ ਅਤੇ ਮਾਨਯੋਗ ਸਿਹਤ ਮੰਤਰੀ ਦੀ ਅਗਵਾਈ ਵਿੱਚ , ਡਾਇਰੈਕਟਰ ਸਿਹਤ ਸੇਵਾਵਾਂ, ਹੈਲਥ ਸਕੱਤਰ ਸਮੇਤ ਆਹਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੂਬਾ ਕਮੇਟੀ ਦੇ ਵਫ਼ਦ ਨਾਲ ਪੈਨਲ ਮੀਟਿੰਗ ਕਰਕੇ ਜਲਦੀ ਟ੍ਰੇਨਿੰਗ ਕਰਵਾਉਣ ਦਾ ਭਰੋਸਾ ਵੀ ਦਵਾ ਚੁੱਕੇ ਹਨ ਪਰ ਦੂਜੇ ਪਾਸੇ ਤੁਹਾਡੇ ਵੱਲੋਂ ਨਾ ਬਰਦਾਸ਼ਤ ਯੋਗ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਸ ਦੇ ਉਤਰ ਵਿੱਚ ਹਲਕਾ ਵਿਧਾਇਕ ਵੱਲੋਂ ਸਪਸ਼ਟ ਕੀਤਾ ਹੈ ਕਿ ਸਾਡੇ ਜ਼ਿਲੇ ਦੇ ਢਕੋਲੀ ਏਰੀਏ ਵਿੱਚ ਕੁੱਝ ਘਟਨਾਵਾਂ ਵਾਪਰੀਆਂ ਸਨ। ਜਿੰਨਾਂ ਕਰਕੇ ਉਸ ਇਲਾਕੇ ਦੇ ਕੁੱਝ ਵਿਅਕਤੀਆਂ ਤੇ ਇਹ ਦੋਸ਼ ਸਨ ਨਾ ਕਿ ਕਿਸੇ ਸਮੁੱਚੀ ਸੰਸਥਾ ਜਾਂ ਵਿਸ਼ੇਸ਼ ਵਿਅਕਤੀ ਦੇ ਖਿਲਾਫ਼ ਸਨ। ਮੇਰੀ ਵੱਲੋਂ ਪਾਈ ਇਸ ਵੀਡੀਓ ਦੇ ਸ਼ਬਦਾਂ ਨਾਲ ਕਿਸੇ ਸੰਸਥਾ ਜਾਂ ਵਿਸ਼ੇਸ਼ ਵਿਅਕਤੀ ਨੂੰ ਮਾਨਸਿਕ ਤੌਰ ਤੇ ਠੇਸ ਪਹੁੰਚਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੈਂ ਉਨ੍ਹਾਂ ਨਾ ਕਹਿਣ ਯੋਗ ਸ਼ਬਦਾਂ ਨੂੰ ਵਾਪਸ ਲੈਦਾ ਹਾਂ ਅਤੇ ਅਹਿਦ ਕਰਦਾ ਹਾਂ ਕਿ ਅੱਗੇ ਤੋਂ ਇਸਤਰਾਂ ਮੈਡੀਕਲ ਪ੍ਰੈਕਟੀਸ਼ਨਰਾਂ ਸਬੰਧੀ ਕੋਈ ਵੀ ਗਲਤੀ ਨਹੀਂ ਕਰਾਂਗਾ। ਉਹਨਾਂ ਵੱਲੋਂ ਇਸ ਸਬੰਧੀ ਇੱਕ ਵੀਡੀਓ ਵੀ ਭੇਜੀ ਗਈ। ਸਾਡੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਪੜਾਈ ਦੇ ਮੁੱਦੇ ਤੇ ਹੀ ਹੋਂਦ ਵਿੱਚ ਆਈ ਸੀ ਮੈਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵਿਸ਼ਵਾਸ ਦੁਆਉਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀ ਕਿਸੇ ਕਿਸਮ ਦੀ ਆਡੀਓ ਵੀਡੀਓ ਜਿਸ ਨਾਲ ਕਿਸੇ ਸੰਸਥਾ ਜਾਂ ਵਿਸ਼ੇਸ਼ ਵਿਅਕਤੀ ਨੂੰ ਮਾਨਸਿਕ ਤੌਰ ਠੇਸ ਪਹੁੰਚੇ ਨਹੀਂ ਵਾਇਰਲ ਕੀਤੀ ਜਾਵੇਗੀ।ਜ਼ਿਲ੍ਹਾ ਮੋਹਾਲੀ ਅਤੇ ਬਲਾਕ ਡੇਰਾ ਬਸੀ ਦੇ ਆਗੂਆਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਵੀ ਕੀਤਾ।























