

ਮਾਨਸਾ 4 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਵਿੱਚ 11 ਵਜੇ ਤੋਂ 12 ਵਜੇ ਤੱਕ ਜ਼ਿਲ੍ਹਾ ਹੈਡਕੁਆਰਟਰਾਂ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮਾਨਸਾ ਵੱਲੋਂ ਅੱਜ ਦਫਤਰ ਡਿਪਟੀ ਕਮਿਸ਼ਨਰ ਮਾਨਸਾ ਦੇ ਨੇੜੇ ਅਰਥੀਆਂ ਸਾੜੀਆਂ ਗਈਆਂ। ਇਸ ਸਮੇਂ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਸਮੇਤ 60 ਦੇਸ਼ਾਂ ਵਿੱਚ ਜਵਾਬੀ ਟੈਕਸ ਲਾਉਣ ਦਾ ਐਲਾਨ ਕੀਤਾ ਹੈ ਅਮਰੀਕਾ ਹੁਣ ਭਾਰਤੀ ਵਸਤਾਂ ‘ਤੇ 27 ਫੀਸਦੀ ਵਾਧੂ ਟੈਕਸ ਵਸੂਲ ਕਰੇਗਾ। ਜਿਸ ਨਾਲ ਆਉਂਦੇ ਸਮੇਂ ਦੌਰਾਨ ਭਾਰਤ ਦੀ ਆਰਥ ਵਿਵਸਥਾ ਨੂੰ ਵੱਡਾ ਧੱਕਾ ਲੱਗ ਸਕਦਾ ਹੈ।ਅਮਰੀਕਾ ਆਪਣੇ ਉਤਪਾਦ ਅਤੇ ਖੇਤੀ ਨਾਲ ਸਬੰਧਤ ਮਸੀਨਰੀ, ਅਨਾਜ਼ ਦਵਾਈਆਂ ਤੋਂ ਇਲਾਵਾ ਹੋਰ ਵਸਤਾਂ ਦਾ ਵਪਾਰ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ, ਕਿਉਂਕਿ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਹੈ ਬੇਸ਼ੱਕ ਕੁੱਝ ਸਮੇਂ ਲਈ ਇਸ ਨੀਤੀ ਨਾਲ ਵਪਾਰੀਆਂ ਅਤੇ ਖਪਤਕਾਰਾਂ ਨੂੰ ਕੁੱਝ ਰਾਹਤ ਜ਼ਰੂਰ ਮਿਲ ਸਕਦੀ ਹੈ ਪ੍ਰੰਤੂ ਭਵਿੱਖ ‘ਚ ਭਾਰਤ ਦੇ ਖੇਤੀਬਾੜੀ ਕਿੱਤੇ ਅਤੇ ਉਦਯੋਗਿਕ ਸਨਅਤਾਂ ਅਤੇ ਛੋਟੇ ਵਪਾਰ ਨੂੰ ਤਬਾਹ ਕਰਕੇ ਕਬਜ਼ਾ ਕਰਨ ਦੀ ਨੀਅਤ ਨਾਲ ਭਾਰਤ ਦੀ ਕੇਂਦਰ ਸਰਕਾਰ ਨਾਲ ਗੰਢਤਰੁੱਪ ਕਰਨ ਲਈ ਦੇਸ਼ ਦੇ ਹਾਕਮਾਂ ਨੂੰ ਅਮਰੀਕਾ ਬੁਲਾ ਕੇ ਗੁਪਤਗੂ ਦਾ ਸਿਲਸਿਲਾ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਚੁਪਚਾਪ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋ ਤਰਫਾ ਟੈਰਿਫ ਨੂੰ ਸਵੀਕਾਰ ਕਰ ਲਿਆ ਹੈ ਜਦੋਂ ਕਿ ਯੂਰਪੀਅਨ ਯੂਨੀਅਨ ਤੇ ਕੁੱਝ ਦੇਸ਼ਾਂ ਨੇ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਲਈ ਜਵਾਬੀ ਕਾਰਵਾਈ ਕਰਨ ਦੀ ਤਿਆਰੀ ਕਰਨ ਬਾਰੇ ਸੋਚ ਰਹੇ ਹਨ। ਜੇਕਰ ਇਸ ਸਮਝੌਤੇ ਨੂੰ ਲਾਗੂ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਜਿਸਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲਈ ਐਮ ਐਸ ਪੀ ਸਮੇਤ ਮੰਨੀਆਂ ਮੰਗਾਂ ਨਾ ਲਾਗੂ ਕਰਕੇ ਅਤੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਚੋਰ ਮੋਰੀਆਂ ਰਾਹੀਂ ਮੁੜ ਕਾਲੇ ਕਾਨੂੰਨ ਲਾਗੂ ਕਰਨ ਦਾ ਕੋਝੇ ਯਤਨ ਕੀਤੇ ਜਾ ਰਹੇ ਹਨ ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੰਯਕਤ ਕਿਸਾਨ ਮੋਰਚੇ ਦੇ ਆਗੂਆਂ ਰਾਮ ਸਿੰਘ ਭੈਣੀ, ਬੋਘ ਸਿੰਘ ਮਾਨਸਾ,ਨਿਰਮਲ ਸਿੰਘ ਝੰਡੂਕੇ, ਮੱਖਣ ਸਿੰਘ ਭੈਣੀ ਬਾਘਾ, ਭਜਨ ਸਿੰਘ ਘੁੰਮਣ, ਡਾ. ਧੰਨਾ ਮੱਲ ਗੋਇਲ, ਕਾਮਰੇਡ ਕ੍ਰਿਸ਼ਨ ਚੌਹਾਨ, ਕਰਨੈਲ ਸਿੰਘ ਮਾਨਸਾ, ਮੇਜ਼ਰ ਸਿੰਘ ਦੂਲੋਵਾਲ, ਹਰਦੇਵ ਸਿੰਘ ਬੁਰਜ਼ ਰਾਠੀ ਨੇ ਭਵਿੱਖ ਦੀਆਂ ਚਣੌਤੀਆਂ ਲਈ ਵੱਡੀ ਲਾਮਬੰਦੀ ਦੀ ਵੱਡੀ ਲੋੜ ਤੇ ਜ਼ੋਰ ਦਿੰਦਿਆਂ ਨਿੱਜਤਾ ਤੋਂ ਉੱਪਰ ਉੱਠ ਜਥੇਬੰਦਕ ਜਾਬਤੇ ਵਿੱਚ ਰਹਿੰਦਿਆਂ ਲੋਕ ਮਾਰੂ ਨੀਤੀਆਂ ਦਾ ਲੋਕ ਕਚਿਹਰੀ ਵਿੱਚ ਪਰਦਾਫਾਸ਼ ਕਰਨ ਲਈ ਤਨਦੇਹੀ ਨਾਲ ਉਪਰਾਲੇ ਕਰਨ ਵੱਲ ਵਧਣਾ ਚਾਹੀਦਾ ਹੈ।ਇਸ ਸਮੇਂ ਜਗਸੀਰ ਸਿੰਘ ਜਵਾਹਰਕੇ, ਅਭੀ ਮੌੜ ਸ਼ਿੰਦਰਪਾਲ ਕੌਰ, ਨਰਿੰਦਰ ਕੌਰ ਬੁਰਜ਼ ਹਮੀਰਾ, ਹਰਪ੍ਰੀਤ ਸਿੰਘ ਆਦਿ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਕਾਰਕੁੰਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।























