

ਬੁਢਲਾਡਾ 4 ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਬਲਾਕ ਇਕਾਈ ਬੁਢਲਾਡਾ ਵੱਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਭਰੂਣ ਹੱਤਿਆਂ ਅਤੇ ਨਸ਼ਾ ਵਿਰੋਧੀ ਸੈਮੀਨਾਰ ਬਲਾਕ ਪ੍ਰਧਾਨ ਡਾ. ਗੁਰਜੀਤ ਸਿੰਘ ਬਰੇ ਦੀ ਪ੍ਰਧਾਨਗੀ ਹੇਠ ਕਰਵਾਇਆ। ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਮੈਡੀਕਲ ਪੈ੍ਕਟੀਸ਼ਨਰਾਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧਰਾਮ ਅਤੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਡਾ. ਸੱਤ ਪਾਲ ਰਿਸ਼ੀ, ਚੇਅਰਮੈਨ ਡਾ. ਰਘਵੀਰ ਚੰਦ ਸ਼ਰਮਾ, ਜਨਰਲ ਸਕੱਤਰ ਡਾ. ਸਿਮਰਜੀਤ ਗਾਗੋਵਾਲ, ਕੈਸ਼ੀਅਰ ਡਾ. ਅਮਰੀਕ ਸਿੰਘ ਮਾਖਾ ਨੇ ਵੀ ਸੈਮੀਨਾਰ ‘ਚ ਹਾਜ਼ਰੀ ਲਗਵਾਈ। । ਹਾਜ਼ਰੀਨ ਨੂੰ ਜੀ ਆਇਆਂ ਕਹਿਣ ਉਪਰੰਤ ਸ਼ਹੀਦਾਂ ਦੀ ਫੋਟੋ ਤੇ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵੈਦ ਧੰਨਾ ਮੱਲ ਗੋਇਲ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਰਤ ਅਨੁਸਾਰ ਸ਼ਹੀਦਾਂ ਨੂੰ ਸਮੁੱਚੇ ਪੰਜਾਬ ਵਿੱਚ ਸ਼ਹੀਦੀ ਦਿਹਾੜੇ ‘ ਤੇ ਯਾਦ ਕਰਦਿਆਂ ਉਨ੍ਹਾਂ ਦੀਆਂ ਸ਼ਹਾਦਤਾਂ, ਹਰ ਹੱਥ ਲਈ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸੇਵਾਵਾਂ ਅਤੇ ਮਾਨ ਸਨਮਾਨ ਨਾਲ ਜੀਵਨ ਜਿਉਣ ਦਾ ਹੱਕ ਦਵਾਉਣ ਆਦਿ ਅਤੇ ਦੱਸੇ ਰਸਤੇ ਤੇ ਚੱਲ ਕੇ ਸਾਫ਼ ਸੁਥਰੀ ਪ੍ਰੈਕਟਿਸ ਕਰਨ ਅਤੇ ਭਰਾਤਰੀ ਸਾਂਝ ਨੂੰ ਵਧਾਉਣ ਦੇ ਯਤਨ ਕਰਨ ਵੱਲ ਵਧਣਾ ਚਾਹੀਦਾ ਹੈ। ਇਸ ਸਮੇਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਨਾਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। 26 ਨਵੰਬਰ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਜੀ ਦੀ ਅਗਵਾਈ ਵਿੱਚ ਹੋਈ ਪੈਨਲ ਮੀਟਿੰਗ ਵਿੱਚ ਟ੍ਰੇਨਿੰਗ ਦੇਣ ਦੇ ਭਰੋਸੇ ਚੋਣਾਂ ਸਮੇਂ ਕੀਤੇ ਵਾਅਦੇ ਨੂੰ ਲਾਗੂ ਕਰਦਿਆਂ ਇਸ ਸਮਾਜਿਕ ਮਸਲੇ ਨੂੰ ਕਾਨੂੰਨੀ ਨੁਕਤਾ ਨਜ਼ਰ ਤੋਂ ਨਾ ਦੇਖਦੇ ਹੋਏ ਸਮਾਜਿਕ ਮਸਲੇ ਵਜੋਂ ਜਲਦੀ ਟ੍ਰੇਨਿੰਗ ਦੇ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਡੇਢ ਲੱਖ ਦੇ ਕਰੀਬ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰ ਮਾਨ ਅਤੇ ਸਨਮਾਨ ਨਾਲ ਆਪਣਾ ਕਿੱਤਾ ਜ਼ਾਰੀ ਰੱਖ ਸਕਣ । ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧਰਾਮ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਕਰੋਨਾ, ਸਮਾਜ ਸੇਵੀ ਕੰਮਾਂ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਿਭਾਈ ਜਾ ਰਹੀ ਵਡਮੁੱਲੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਗਾਂ ਅਤੇ ਟ੍ਰੇਨਿੰਗ ਸਬੰਧੀ ਮੈਂ ਵਿਧਾਨ ਸਭਾ ਸੈਸ਼ਨ ਦੌਰਾਨ ਪਹਿਲਾਂ ਵੀ ਮਸਲਾ ਉਠਾਇਆ ਸੀ ਅਤੇ ਹੁਣ ਮਾਨਯੋਗ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕਰਕੇ ਜਲਦੀ ਪੈਨਲ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਉਹਨਾਂ ਆਪਣੇ ਹਲਕੇ ਵਿੱਚ ਕਰਵਾਏ ਕੰਮਾਂ ਦੀ ਚਰਚਾ ਵੀ ਕੀਤੀ। ਮੌਜੂਦ ਆਗੂਆਂ ਵੱਲੋਂ ਰਜਿਸਟ੍ਰੇਸ਼ਨ ਦੀ ਅਣਹੋਂਦ ਕਾਰਨ ਪਿੰਡ ਭਗਵਾਨਪੁਰ (ਡੇਰਾ ਬਸੀ) ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਲੀਨਿਕ ਬੰਦ ਕਰਨ ਦੀਆਂ ਲਿਖਤੀ ਹਦਾਇਤਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਫ ਸੁਥਰੀ ਪ੍ਰੈਕਟਿਸ ਕਰਦੇ ਪ੍ਰੈਕਟੀਸ਼ਨਰਾਂ ਦੀਆਂ ਕਲੀਨਕਾਂ ਨੂੰ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਬਲਾਕ ਸਕੱਤਰ ਡਾ. ਬੂਟਾ ਸਿੰਘ ਦਾਤੇਵਾਸ , ਕੈਸ਼ੀਅਰ ਡਾ. ਨਾਇਬ ਸਿੰਘ ਆਹਮਦਪੁਰ, ਚੇਅਰਮੈਨ ਡਾ. ਰਮਜ਼ਾਨ , ਵੈਟਨਰੀ ਐਸੋਸੀਏਸ਼ਨ ਦੇ ਸੂਬਾ ਆਗੂ ਜਗਸੀਰ ਸਿੰਘ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮੀਤ ਪ੍ਰਧਾਨ ਡਾ. ਲੱਖਾਂ ਸਿੰਘ ਹਸਨਪੁਰ,ਸਲਾਹਕਾਰ ਡਾ. ਨਛੱਤਰ ਸਿੰਘ ਸੇਖੋਂ, ਡਾ.ਰਾਮ ਸਿੰਘ ਗੁਰਨੇ, ਡਾ. ਰਮਨਦੀਪ ਕੌਰ ਸਿਰਸੀਵਾਲਾ, ਡਾ. ਪਰਮਜੀਤ ਕੌਰ ਬੁਢਲਾਡਾ, ਡਾ. ਕਰਮਲਜੀਤ ਕੌਰ ਪਿਪਲੀਆ, ਡਾ. ਜਗਤਾਰ ਸਿੰਘ ਖਾਲਸਾ , ਡਾ.ਮੇਜਰ ਸਿੰਘ ਗੋਬਿੰਦਪੁਰਾ , ਡਾ.ਗਮਦੂਰ ਸਿੰਘ, ਡਾ.ਹਰਭਜਨ ਸਿੰਘ , ਡਾ. ਗੁਰਲਾਲ ਸਿੰਘ, ਡਾ. ਸਿਸਨ ਗੁਰਨੇ , ਡਾ. ਟੋਨੀ ਅਕਬਰ, ਡਾ ਪ੍ਰੇਮ ਸਾਗਰ, ਮਹੇਸ਼ ਕੁਮਾਰ ਮਿੰਟਾ ਆਦਿ ਵੱਡੀ ਗਿਣਤੀ ਪਹੁੰਚੇ ਸਾਥੀਆਂ ਨੇ ਭਰੂਣ ਹੱਤਿਆ ਅਤੇ ਨਸ਼ਿਆਂ ਸਮਾਜ਼ ਵਿਰੋਧੀ ਅਲਾਮਤਾਂ ਖਿਲਾਫ ਜਥੇਬੰਦੀ ਦੀ ਪਿਰਤ ਅਨੁਸਾਰ ਵਿੱਢੇ ਯੁੱਧ ਨੂੰ ਤਨਦੇਹੀ ਨਾਲ ਘਰ ਘਰ ਤੱਕ ਪਹੁੰਚਾਣ ਦਾ ਅਹਿਦ ਵੀ ਕੀਤਾ । ਸਟੇਜ ਸੰਚਾਲਨ ਦੀ ਭੂਮਿਕਾ ਡਾ. ਪ੍ਰਕਾਸ਼ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮੇਂ ਭਰੂਣ ਹੱਤਿਆ ਸਬੰਧੀ ਮਾਸਟਰ ਤੇਜਾ ਸਿੰਘ ਵੱਲੋਂ ਪੇਸ਼ ਕੀਤੇ ਗਏ ਗੀਤ ਨੇ ਸਰੋਤਿਆਂ ਨੂੰ ਇੱਕ ਤਰ੍ਹਾਂ ਨਾਲ ਕੀਲ ਕੇ ਹੀ ਬਿਠਾ ਲਿਆ। ਪ੍ਰਬੰਧਕ ਕਮੇਟੀ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਦੀ ਹਰ ਪਾਸਿਓਂ ਸਲਾਘਾ ਕੀਤੀ ਜਾ ਰਹੀ ਸੀ।























