

ਬੁਢਲਾਡਾ,08 ਜੁਲਾਈ (ਸਾਰਾ ਯਹਾਂ/ਮੇਹਤਾ ਅਮਨ) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਮਾਨਸਾ ਜ਼ਿਲ੍ਹੇ ‘ਚ 3.50 ਲੱਖ ਪੌਦੇ ਲਗਾਏ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਸ੍ਰੀਧਰ ਨੇ ਦਿੱਤੀ। ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਮੁਹਿੰਮ ਤਹਿਤ ਆਜ਼ਾਦੀ ਘੁਲਾਟੀਆ ਕੁੰਦਨ ਸਿੰਘ ਪੀ.ਐਮ. ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੈਣੀ ਬਾਘਾ ਵਿਖੇ ਪ੍ਰਿੰਸੀਪਲ, ਸਟਾਫ, ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀਆਂ ਦੀ ਮੌਜ਼ੂਦਗੀ ਵਿਚ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਜੰਗਲਾਤ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵਣ ਵਿਭਾਗ ਦੀਆਂ ਥਾਵਾਂ ਤੋਂ ਇਲਾਵਾ ਸਕੂਲਾਂ, ਕਾਲਜਾਂ, ਪੰਚਾਇਤੀ ਥਾਵਾਂ, ਗੁਰਦੁਆਰਾ ਸਾਹਿਬ, ਸਮਸ਼ਾਨ ਘਾਟ ਅਤੇ ਹੋਰ ਖਾਲੀ ਥਾਵਾਂ ‘ਤੇ ਸੀਸ਼ਮ, ਨਿੰਮ੍ਹ, ਬਰਮੀ ਡੇਕ, ਕਿੱਕਰ, ਜੰਡ ਆਦਿ ਰਵਾਇਤੀ ਕਿਸਮਾਂ ਦੇ ਪੌਦਿਆਂ ਦੇ ਨਾਲ-ਨਾਲ ਫਲਦਾਰ ਅਤੇ ਫੁੱਲਾਂ ਵਾਲੇ ਸਜ਼ਾਵਟੀ ਪੌਦੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ ਨਾਲ ਇੰਨ੍ਹਾਂ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਸੋਸ਼ਲ-ਮੀਡੀਆ, ਅਖ਼ਬਾਰ, ਸੈਮੀਨਾਰ ਆਦਿ ਰਾਹੀਂ ਜਾਗਰੂਕ ਕੀਤਾ ਜਾਵੇਗਾ | ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਮੁਹਿੰਮ ਸਫਲ ਹੋ ਸਕਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲ-ਮਿਲ ਕੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਰ ਪਾਈਏ ਅਤੇ ਵੱਧ ਤੋਂ ਵੱਧ ਪੌਦੇ ਲਗਾਈਏ |























