

ਮਾਨਸਾ, 26 ਫਰਵਰੀ (ਸਾਰਾ ਯਹਾ,(ਬਲਜੀਤ ਸ਼ਰਮਾ) : ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਆਮ ਨਾਗਰਿਕ ਦੀ ਚੋਣਾਂ ਸਬੰਧੀ ਸ਼ਿਕਾਇਤ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ 2019 ਦੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾਂ ਸਬੰਧੀ ਸ਼ਿਕਾਇਤਾਂ ਆਸਾਨੀ ਨਾਲ ਇਸ ਐਪ ਉੱਤੇ ਦਰਜ ਕਰਵਾਈਆਂ ਜਾ ਸਕਦੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਇਹ ਜਾਣਕਾਰੀ ਅੱਜ ਚੋਣ ਅਮਲੇ ਦੀ ਸਿਖਲਾਈ ਦੌਰਾਨ ਦਿੱਤੀ। ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਇਹ ਐਪ ਵੱਧ ਤੋਂ ਵੱਧ ਡਾਊਨਲੋਡ ਕਰਕੇ ਇਸਤੇਮਾਲ ਕਰਨ ਲਈ ਪ੍ਰੇਰਿਆ ਜਾਵੇ ਤਾਂ ਜੋ ਨਿਰਪੱਖ ਚੋਣਾਂ ਕਰਵਾਉਣ ‘ਚ ਉਹ ਆਪਣਾ ਵੱਡਮੁੱਲਾ ਯੋਗਦਾਨ ਪਾਉਣ।
ਇਸੇ ਤਰਾਂ ਸਿਆਸੀ ਪਾਰਟੀਆਂ ਲਈ ਸੁਵਿਧਾ ਐਪ ਬਣਾਈ ਗਈ ਹੈ, ਜਿਸ ਨਾਲ ਹਰ ਤਰਾਂ ਦੀ ਚੋਣਾਂ ਸਬੰਧੀ ਆਗਿਆ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਇਕੱਠ ਕਰਨ, ਲਾਊਡ ਸਪੀਕਰ ਲਗਾਉਣ ਆਦਿ ਸਬੰਧੀ ਸਾਰੀਆਂ ਆਗਿਆਵਾਂ ਲੈਣ ਲਈ ਅਪਲਾਈ ਕਰਨ।
ਬੈਠਕ ਦੌਰਾਨ ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੁੰਦੇ ਹੀ ਚੋਣ ਅਮਲੇ ਵੱਲੋਂ ਧਿਆਨ ਵਿਚ ਰੱਖਣ ਵਾਲੀਆਂ ਗੱਲਾਂ ਅਤੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਿਆਸੀ ਪਾਰਟੀਆਂ ਦੇ ਖਰਚੇ ਦੀ ਨਿਗਰਾਨ ਸਬੰਧੀ ਬਣਾਈਆਂ ਗਈਆਂ ਕਮੇਟੀਆਂ ਆਪਣਾ ਕੰਮ ਤਨਦੇਹੀ ਨਾਲ ਕਰਨ। ਖਰਚਾ ਰਜਿਸਟਰ ਦੇ ਨਾਲ ਨਾਲ ਸ਼ੈਡੋ (ਪਰਛਾਵਾਂ) ਰਜਿਸਟਰ ‘ਚ ਵੀ ਨਾਲ-ਨਾਲ ਖਰਚਾ ਦਰਜ ਕਰਨਾ ਜਰੂਰੀ ਹੈ। ਇਸੇ ਤਰਾਂ ਪੁਲਿਸ ਵੱਲੋਂ ਚੋਣਾਂ ਦੌਰਾਨ ਸੁਰੱਖਿਆ ਸਬੰਧੀ ਕੀਤੇ ਜਾਣ ਵਾਲੇ ਇੰਤਜਾਮ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਨਾਮਜਦਗੀ ਪੱਤਰ ਦਾਇਰ ਕਰਨ ਤੋਂ ਲੈ ਕੇ ਨਤੀਜੇ ਆਉਣ ਤੱਕ ਸਾਰੇ ਚੋਣ ਅਮਲੇ ਨੂੰ ਦਿੱਤੀਆਂ ਗਈਆਂ ਜਿੰਮੇਵਾਰੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਢੱਚਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
EDITED BY : SARA YAHA | | Last Updated : 7:12 pm 26 ਫ਼ਰਵਰੀ 2019























