*ਸੀਵਰੇਜ ਦੇ ਗੰਦੇ ਪਾਣੀ ਵਿਚ ਘਿਰਿਆ ਵਾਰਡ ਨੰ: 7 ; ਈ.ਓ ਨੂੰ ਮਿਲਿਆ ਵਫ਼ਦ*

0
122

ਮਾਨਸਾ, 25 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਸ਼ਹਿਰ ਦੇ ਵਾਰਡ ਨੰ: 7 ਦੀ ਸੀਵਰੇਜ ਸਮੱਸਿਆ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ। ਵਾਰਡ ਦੀ 33 ਫੁੱਟ ਰੋਡ ਨਾਲ ਲੱਗਦੀ ਗਲੀ ਦੇ ਵਾਸੀਆਂ ਨੇ ਅੱਜ ਇਸ ਪ੍ਰਤੀ ਰੋਸ ਵਿਖਾਵਾ ਕੀਤਾ ਅਤੇ ਬਾਅਦ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਪੱਤਰ ਦੇ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲਾ ਯੂਥ ਵਿੰਗ ਦੇ ਉਪ ਪ੍ਰਧਾਨ ਪ੍ਰਦੀਪ ਸ਼ਰਮਾ ਦੀ ਅਗਵਾਈ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਸਮੱਸਿਆ ਸਬੰਧੀ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰਡ ਦੀ ਗਲੀ ਨੰ: 2 ਜ਼ਿਆਦਾ ਨੀਵੀਂ ਹੋਣ ਕਾਰਨ ਹਰ ਸਮੇਂ ਸੀਵਰੇਜ ਅਤੇ ਨਾਲੀਆਂ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਜਿਸ ਨਾਲ ਬਦਬੂ ਅਤੇ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਵੀ ਗਲੀਆਂ ਵਿਚ ਪਾਣੀ ਭਰਨ ਕਰਕੇ ਆਉਣ ਜਾਣ ਵਿਚ ਮੁਸ਼ਕਿਲ ਹੋ ਰਹੀ ਹੈ। ਉਥੇ ਪਏ ਖਾਲੀ ਪਲਾਟਾਂ ਨੇ ਵੀ ਟੋਭਿਆਂ ਦਾ ਰੂਪ ਧਾਰਨ ਕਰ ਲਿਆ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਦੱਸਿਆ ਕਿ ਵਫ਼ਦ ਵਲੋਂ ਨਗਰ ਕੌਂਸਲ ਨੂੰ ਇਹ ਮੰਗ ਪੱਤਰ ਦੇ ਕੇ ਉਕਤ ਗਲੀ ਉਚੀ ਕਰਕੇ ਬਣਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਇਸ ਗਲੀ ਦਾ ਪੁਨਰ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਰਮੇਸ਼ ਪਰੋਚਾ, ਕੁੱਕੂ ਤੁਰਕੀਆ, ਮਨਮੀਤ ਸਿੰਘ, ਸੁਖਦੇਵ ਸਿੰਘ, ਸੈਫੀ ਅਤੇ ਮੰਗਲ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here