ਸਿੱਧੂ ਦੀ ਬੱਲੇ-ਬੱਲੇ ਮਗਰੋਂ ਕੈਪਟਨ ਨੇ ਕਰਤਾਰਪੁਰ ਲਾਂਘੇ ਲਈ ਮੰਗਿਆ ਕੇਂਦਰ ਦਾ ਦਖ਼ਲ

0
3

ਚੰਡੀਗੜ੍ਹ (ਸਾਰਾ ਯਹਾ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘੇ ਦਾ ਮੁੱਦਾ ਉਠਾਉਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਹੋ ਗਏ ਹਨ। ਕੈਪਟਨ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਸੁਸ਼ਮਾ ਸਵਰਾਜ ਨੂੰ ਲਿਖੀ ਚਿੱਠੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਵਸ ਮੌਕੇ ਕਰਤਾਰਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦਾ ਮੁੱਦਾ ਪਾਕਿਸਤਾਨ ਸਰਕਾਰ ਕੋਲੋਂ ਉਠਾਉਣ ਦੀ ਮੰਗ ਕੀਤੀ।

ਦਰਅਸਲ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਫੌਜ ਦੇ ਮੁਖੀ ਨੇ ਕਰਤਾਰਪੁਰ ਲਈ ਲਾਂਘਾ ਖੋਲ੍ਹਣ ਬਾਰੇ ਕਿਹਾ ਸੀ। ਇਸੇ ਲਈ ਉਨ੍ਹਾਂ ਨੇ ਫੌਜ ਮੁਖੀ ਨੂੰ ਜੱਫੀ ਪਾਈ ਸੀ। ਇਸ ਕਰਕੇ ਸਿੱਧੂ ਦੀ ਸਿੱਖ ਜਗਤ ਵਿੱਚ ਕਾਫੀ ਪ੍ਰਸੰਸਾ ਹੋ ਰਹੀ ਹੈ ਤੇ ਉਨ੍ਹਾਂ ਦੀ ਅਲੋਚਨਾ ਕਰਨ ਵਾਲਿਆਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਕੈਪਟਨ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਲਾਂਘਾ ਖੁੱਲ੍ਹਵਾਉਣ ਦੀ ਮੰਗ ਕੀਤੀ ਹੈ।

ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਮਾਮਲਾ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਉਠਾਉਣ ਤੇ ਜਨਮ ਦਿਵਸ ਸਮਾਰੋਹਾਂ ਮੌਕੇ ਅੰਤਰਰਾਸ਼ਟਰੀ ਸਰਹੱਦ ਤੋਂ ਕਰਤਾਰਪੁਰ ਤੱਕ ਗਲਿਆਰੇ ਨੂੰ ਖੁੱਲ੍ਹਵਾਉਣ ਤਾਂ ਜੋ ਸ਼ਰਧਾਲੂ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਸਕਣ। ਕੈਪਟਨ ਨੇ ਕਿਹਾ ਕਿ ਕਰਤਾਰਪੁਰ ਰਾਵੀ ਤੋਂ ਪਰਲੇ ਪਾਸੇ ਅੰਤਰਰਾਸ਼ਟਰੀ ਸਰਹੱਦ ਤੋਂ 4 ਕਿਲੋਮੀਟਰ ਦੂਰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਕੋਲ ਹੈ।

ਮੁੱਖ ਮੰਤਰੀ ਨੇ ਕਿਹਾ ਹੈ ਕਿ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਅੰਤਿਮ ਸਵਾਸ ਲਏ ਸਨ। ਉਨ੍ਹਾਂ ਦਾ 550ਵਾਂ ਜਨਮ ਦਿਵਸ ਨਵੰਬਰ 2019 ਵਿੱਚ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੀ ਕਰਤਾਰਪੁਰ ਵਿਖੇ ਗੁਰਦੁਆਰਾ ਸਾਹਿਬ ਤੱਕ ਪਹੁੰਚ ਯਕੀਨੀ ਬਣਾਏ ਜਾਣ ਦੀ ਇਤਿਹਾਸਕ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਭਾਰਤ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਕੇ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਆਖਿਆ ਹੈ ਤਾਂ ਜੋ ਅੰਤਰਰਾਸ਼ਟਰੀ ਸਰਹੱਦ ਤੋਂ ਕਰਤਾਰਪੁਰ ਤੱਕ ਗਲਿਆਰਾ ਖੁੱਲ੍ਹਵਾਇਆ ਜਾ ਸਕੇ।


EDITED BY : SARA YAHA | | Last Updated :6:55 pm 22 august 2018

LEAVE A REPLY

Please enter your comment!
Please enter your name here