

(ਸਾਰਾ ਯਹਾਂ) : ਮਤੀ ਪਰਮਜੀਤ ਕੌਰ ਪਤਨੀ ਸਰਦਾਰ ਸੁਖਮਿੰਦਰ ਸਿੰਘ ਵਾਸੀ ਪਿੰਡ ਭੈਣੀ ਬਾਘਾ ਦੀ ਪਿਛਲੇ ਦਿਨੀਂ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਅਪੈਕਸ ਕਲੱਬ ਮਾਨਸਾ ਦੀ ਸ਼ਰੀਰਦਾਨ ਪ੍ਰਚਾਰ ਮੁਹਿੰਮ ਤਹਿਤ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਅਨੋਟਮੀ ਵਿਭਾਗ ਨੂੰ ਦਾਨ ਕੀਤੀ ਗਈ ਇਹ ਜਾਣਕਾਰੀ ਅਪੈਕਸ ਕਲੱਬ ਮਾਨਸਾ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਮਾਤਾ ਪਰਮਜੀਤ ਕੌਰ ਨੇ ਪਹਿਲਾ ਹੀ ਆਪਣੀ ਮੌਤ ਤੋਂ ਬਾਅਦ ਸ਼ਰੀਰਦਾਨ ਕਰਨ ਲਈ ਬਚਨਬੱਧਤਾ ਫ਼ਾਰਮ ਭਰੇ ਹੋਏ ਸਨ ਅਤੇ ਜਦੋਂ ਹੀ ਉਨ੍ਹਾਂ ਦੀ ਮੌਤ ਹੋਈ ਤਾਂ ਪਰਿਵਾਰਕ ਮੈਂਬਰਾਂ ਨੇ ਅਪੈਕਸ ਕਲੱਬ ਮਾਨਸਾ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਕਲੱਬ ਮੈਂਬਰਾਂ ਨੇ ਲੋੜੀਂਦੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਪਰਿਵਾਰ ਵੱਲੋਂ ਧਾਰਮਿਕ ਰਸਮਾਂ ਪੂਰੀਆਂ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਐਮਬੂਲੈਂਸ ਰਾਹੀਂ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਲਈ ਰਵਾਨਾ ਕੀਤਾ।
ਅੱਜ ਸਵ.ਪਰਮਜੀਤ ਕੌਰ ਨਮਿੱਤ ਅੰਤਿਮ ਅਰਦਾਸ ਮੌਕੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਅਪੈਕਸ ਕਲੱਬ ਮਾਨਸਾ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਲੋਕਾਂ ਨੂੰ ਅਜਿਹੇ ਜਾਗਰੂਕ ਵਿਅਕਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਛੇ ਘੰਟੇ ਦੇ ਸਮੇਂ ਅੰਦਰ ਉਸ ਮਿ੍ਤਕ ਵਿਅਕਤੀ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਸਕਦੀਆਂ ਹਨ ਤਾਂ ਕਿ ਦੋ ਨੇਤਰਹੀਣਾਂ ਨੂੰ ਰੋਸ਼ਨੀ ਮਿਲ ਸਕੇ ਅਤੇ ਉਸ ਤੋਂ ਬਾਅਦ ਉਸਦਾ ਸ਼ਰੀਰਦਾਨ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਹਨਾਂ ਮ੍ਰਿਤਕ ਦੇਹਾਂ ਤੇ ਰਿਸਰਚ ਕਰਕੇ ਮੈਡੀਕਲ ਕਾਲਜਾਂ ਦੇ ਵਿਦਿਆਰਥੀ ਵਧੀਆ ਇਲਾਜ ਕਰਨ ਦੇ ਯੋਗ ਹੋ ਸਕਣ।ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਅਪੈਕਸ ਕਲੱਬ ਦੇ ਕਿਸੇ ਵੀ ਮੈਂਬਰ ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਮਾਜਸੇਵੀ ਪਰਮਜੀਤ ਕੌਰ ਜੋ ਕਿ ਅੱਠ ਸਾਲ ਪਹਿਲਾਂ ਤੋਂ ਸ਼ਰੀਰਦਾਨ ਲਈ ਬਚਨਬੱਧ ਹਨ ਨੇ ਵੀ ਸ਼ਰੀਰਦਾਨ ਲਈ ਜਾਗਰੂਕ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਕਲੱਬ ਦੇ ਸਕੱਤਰ ਕਮਲ ਗਰਗ, ਸਿਮਰਜੀਤ ਕੌਰ ਸਰਪੰਚ, ਜਗਸੀਰ ਸਿੰਘ, ਪਰਵਿੰਦਰ ਸਿੰਘ ਕੋਚ, ਕਾਕਾ ਸਿੰਘ, ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।























